Dr SP Oberoi reported Corona : ਅੰਮ੍ਰਿਤਸਰ/ ਚੰਡੀਗੜ੍ਹ : ਮਨੁੱਖਤਾ ਦੀ ਸੇਵਾ ਲਈ ਹਰ ਵੇਲੇ ਅੱਗੇ ਰਹਿਣ ਵਾਲੇ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਡਾ. ਓਬਰਾਏ ਨੂੰ ਪੀਜੀਆਈ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਡਾ. ਓਬਰਾਏ ਪੰਜਾਬ ਦੇ ਨਾਲ-ਨਾਲ ਦੁਬਈ ਦੇ ਵੀ ਉੱਘੇ ਕਾਰੋਬਾਰੀ ਹਨ। ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕੋਰੋਨਾ ਕਾਲ ਵਿੱਚ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਵਿਦੇਸ਼ ’ਚ ਫਸੇ ਨੌਜਵਾਨਾਂ ਨੂੰ ਆਪਣੇ ਖਰਚੇ ’ਤੇ ਭਾਰਤ ਲਿਆਂਦਾ ਅਤੇ ਕਈ ਬੇਰੋਜ਼ਗਾਰ ਨੌਜਵਾਨਾਂ ਦੇ ਰੋਜ਼ਗਾਰ ਦੀ ਵੀ ਵਿਵਸਥਾ ਕੀਤੀ। ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਦੇ ਹੀ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਭਾਵੇਂ ਪੰਜਾਬ ਵਿੱਚ ਲੌਕਡਾਊਨ ਹਟਾ ਦਿੱਤਾ ਗਿਆ ਹੈ ਪਰ ਕੋਰੋਨਾ ਦਾ ਖਤਰਾ ਅਜੇ ਵੀ ਨਹੀਂ ਟਲਿਆ ਹੈ। ਪੰਜਾਬ ਵਿੱਚ ਕੱਲ੍ਹ ਸ਼ਨੀਵਾਰ ਨੂੰ ਕੋਰੋਨਾ ਨਾਲ 52 ਲੋਕਾਂ ਦੀ ਮੌਤ ਹੋਈ ਉਥੇ ਹੀ 996 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ 1691 ਲੋਕਾਂ ਨੂੰ ਠੀਕ ਹੋਣ ਉਸੇ ਸਮੇਂ, 1691 ਵੀ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 1,17,177 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 3572 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 99,468 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਅਜੇ ਵੀ ਸੂਬੇ ਵਿੱਚ 13523 ਮਰੀਜ਼ ਐਕਟਿਵ ਹਨ।