Drone reappears near : ਗੁਰਦਾਸਪੁਰ: ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਤੀ ਦੇਰ ਰਾਤ ਨੂੰ ਡ੍ਰੋਨ ਵਰਗੀ ਕੋਈ ਚੀਜ਼ ਵੇਖੀ ਜਾਣ ਦੀ ਖਬਰ ਮਿਲੀ ਹੈ। ਇਹ ਜਾਣਕਾਰੀ DIG ਰਾਜੇਸ਼ ਸ਼ਰਮਾ ਵੱਲੋਂ ਦਿੱਤੀ ਗਈ। ਇਸ ਤੋਂ ਬਾਅਦ ਐਸਐਸਪੀ ਬਟਾਲਾ ਤੇ ਬਟਾਲਾ ਪੁਲਿਸ ਨੇ ਕੰਡਿਆਲੀ ਤਾਰ ਦੇ ਨੇੜਲੇ ਇਲਾਕੀਆਂ ਵਿੱਚ ਸਰਚ ਆਪ੍ਰੇਸ਼ਨ ਕੀਤਾ। SSP ਬਟਾਲਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਕੋਈ ਡ੍ਰੋਨ ਵਰਗੀ ਚੀਜ਼ ਦੀ ਆਵਾਜ਼ ਸੁਣੀ ਗਈ ਹੈ ਜੋ ਸ਼ਾਇਦ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਬਾਅਦ BSF ਜਵਾਨਾਂ ਨੇ ਗੋਲੀਆਂ ਵੀ ਚਲਾਈਆਂ।
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦੇ ਬਾਅਦ ਉਹ ਚੀਜ਼ ਵਾਪਸ ਪਾਕਿਸਤਾਨ ਵੱਲ ਪਰਤ ਗਈ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਸਰਹੱਦ ਦੇ ਨੇੜਲੇ ਇਲਾਕੇ ‘ਚ ਸਰਚ ਆਪਰੇਸ਼ਨ ਕੀਤਾ ਗਿਆ। ਫਿਲਹਾਲ ਹਾਲੇ ਤੱਕ ਕੁਝ ਵੀ ਨਹੀਂ ਮਿਲਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਇਲਾਕੇ ‘ਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ-ਪਾਕਿ ਸਰਹੱਦ ‘ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤੇ ਅਜਿਹੀ ਕੋਈ ਖਬਰ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।