Bloody clash over : ਅੱਜ ਜਿਲ੍ਹਾ ਜਲੰਧਰ ਦੇ ਜੇਲ੍ਹ ਰੋਡ ‘ਤੇ ਸਥਿਤ ਬਾਗ ਬਾਹਰੀਆ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪੁੱਤਰ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਦੋਵੇਂ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਤੇ ਜਦੋਂ ਪਿਓ ਛੁਡਾਉਣ ਲਈ ਆਇਆ ਤਾਂ ਭਰਾ ਨੇ ਆਪਣੇ ਹੀ ਪਿਓ ਤੇ ਛੋਟੇ ਭਰਾ ਅਭੈ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਕਪੂਰਥਲਾ ਵਿਖੇ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਪਿਤਾ ਦੀ ਮੌਤ ਹੋ ਗਈ ਤੇ ਛੋਟਾ ਭਰਾ ਅਭੈ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਦੋਸ਼ੀ ਸ਼ਰਾਬ ਦੇ ਨਸ਼ੇ ‘ਚ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬਾਗ ਬਾਹਰੀਆ ‘ਚ ਰਹਿਣ ਵਾਲੇ ਅਭੈ ਨਾਗਪਾਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਸ਼ਵਨੀ ਨਾਗਪਾਲ ਤੇ ਵੱਡੇ ਭਰਾ ਜਤਿਨ ਨਾਗਪਾਲ ਉਰਫ਼ ਸ਼ੇਰੂ ਨਾਲ ਟੈਸਟ ਮੇਕਰ ਨਾਂ ਤੋਂ ਕੇਟਰਿੰਗ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਅਸ਼ਵਨੀ ਮਿਲਕ ਬਾਰ ਨਾਂ ਤੋਂ ਇਲਾਕੇ ‘ਚ ਦੁਕਾਨ ਵੀ ਚਲਾਉਂਦਾ ਹੈ। ਉਸ ਦਾ ਆਪਣੇ ਵੱਡਾ ਭਰਾ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਐਤਵਾਰ ਦੇਰ ਰਾਤ ਉਸ ਦੇ ਭਰਾ ਨੇ ਇਸ ਵਿਵਾਦ ਦੇ ਚੱਲਦਿਆਂ ਉਸ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਸ ਨੇ ਵਿਰੋਧ ਕੀਤਾ ਤਾਂ ਵੱਡੇ ਭਰਾ ਜਤਿਨ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ। ਚਾਕੂ ਅਸ਼ਵਨੀ ਨਾਗਪਾਲ ਦੀ ਗਰਦਨ ਤੇ ਉਸ ਦੇ ਢਿੱਡ ‘ਚ ਲੱਗਾ। ਦੋਵਾਂ ਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ।
ਗੁਆਂਢੀ ਦਵਿੰਦਰ ਨੇ ਦੱਸਿਆ ਕਿ ਲੜਾਈ ਦੌਰਾਨ ਦੋਵੇਂ ਪਿਓ-ਪੁੱਤਰ ਖੂਨ ਨਾਲ ਲੱਥਪੱਥ ਹੋਏ ਪਏ ਸਨ ਜਦੋਂ ਕਿ ਵੱਡਾ ਮੁੰਡਾ ਜਤਿਨ ਉਥੇ ਹੀ ਖੜ੍ਹਾ ਸੀ ਤੇ ਉਸ ਦੇ ਹੱਥ ‘ਚ ਚਾਕੂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਉਪਰੰਤ ਪੁਲਸ ਨੇ ਘਟਨਾ ‘ਚ ਵਰਤਿਆ ਗਿਆ ਚਾਕੂ ਮੌਕੇ ਤੋਂ ਬਰਾਮਦ ਕਰਕੇ ਮੁਲਜ਼ਮ ਜਤਿਨ ਨੂੰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਮ੍ਰਿਤਕ ਅਸ਼ਵਨੀ ਨਾਗਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਦੇਰ ਰਾਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।