Modi’s anti-national : ਪਟਿਆਲਾ : ਸਮਾਣਾ ਵਿਖੇ ਹੋਈ ਰੈਲੀ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਨਾਲ ਸਾਡਾ ਮੁਲਕ ਕਮਜ਼ੋਰ ਹੋਇਆ ਹੈ ਜਿਸ ਕਰਕੇ ਚੀਨ ਨੇ ਭਾਰਤ ਵਿੱਚ ਦਾਖਲ ਹੋਣ ਅਤੇ ਸਾਡੇ ਸੈਨਿਕਾਂ ਨੂੰ ਮਾਰਨ ਦੀ ਹਿੰਮਤ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਮੁਲਕ ਵਿਰੋਧੀ ਕਦਮਾਂ ਦੀ ਤਾਜ਼ਾ ਮਿਸਾਲ ਖੇਤੀ ਕਾਨੂੰਨਾਂ ਤੋਂ ਲਈ ਜਾ ਸਕਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਨੂੰ ਅਹਿਸਾਸ ਹੋ ਗਿਆ ਹੈ ਕਿ ਮੋਦੀ ਨੇ ਭਾਰਤ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਉਸ ਨੇ ਸਾਡੀ ਜ਼ਮੀਨ ਦੇ 1200 ਕਿਲੋਮੀਟਰ ‘ਤੇ ਕੰਟੋਰਲ ਕਰਨ ਲਈ ਇਸ ਦਾ ਫਾਇਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਡੇ ਮੁਲਕ ਦਾ ਲੱਕ ਤੋੜ ਕੇ ਰੱਖ ਦਿੱਤਾ ਜਿਸ ਦਾ ਆਰਥਿਕ ਵਿਕਾਸ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ 9 ਫੀਸਦੀ ਹੁੰਦਾ ਸੀ ਜੋ ਹੁਣ 24 ਫੀਸਦੀ ‘ਤੇ ਪਹੁੰਚ ਗਿਆ ਹੈ। ਨਰਿੰਦਰ ਮੋਦੀ ਵੱਲੋਂ ਆਪਣੇ ਪੂੰਜੀਪਤੀ ਅਤੇ ਉਦਯੋਗਿਕ ਮਿੱਤਰਾਂ ਦੀ ਮਦਦ ਕਰਨ ਲਈ ਮੁਲਕ ਨੂੰ ਬਰਬਾਦੀ ਦੇ ਰਾਹ ਤੋਰਨ ਦਾ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਪਿੱਛੇ ਵੱਲ ਨੂੰ ਜਾ ਰਿਹਾ ਹੈ ਅਤੇ ਇਹ ਗੱਲ ਚੀਨ ਜਾਣਦਾ ਹੈ।
ਰਾਹੁਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਕੋਈ ਸਾਧਾਰਨ ਲੋਕ ਨਹੀਂ ਹਨ ਸਗੋਂ ਸਾਡੇ ਮੁਲਕ ਦੀ ਰੀੜ ਦੀ ਹੱਡੀ ਹਨ। ਰਾਹੁਲ ਗਾਂਧੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ, ”ਤੁਸੀਂ ਚੁੱਪ ਕਿਉਂ ਹੋ? ਹਰਿਆਣਾ ਚੁੱਪ ਕਿਉਂ ਹੈ? ਪੰਜਾਬ ਦੇ ਸ਼ੇਰ ਦਹਾੜ ਕਿਉਂ ਨਹੀਂ ਰਹੇ?”। ਉਨ੍ਹਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਜ਼ੁਲਮਾਂ ਖਿਲਾਫ ਉਠਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹਰ ਕਦਮ ਨਾਲ ਡਟ ਕੇ ਚੱਲਣਗੇ। ਉਨ੍ਹਾਂ ਕਿਹਾ ਕਿ, ”ਜੇਕਰ ਮੋਦੀ ਨੂੰ ਕਿਸਾਨਾਂ ਅਤੇ ਗਰੀਬਾਂ ਦੀ ਤਾਕਤ ਦਾ ਅਹਿਸਾਸ ਨਹੀਂ ਹੈ ਤਾਂ ਅਸੀਂ ਮਿਲ ਕੇ ਉਨ੍ਹਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਾਵਾਂਗੇ”। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਤੋਂ ਨਹੀਂ ਡਰਦੇ। ਉਨ੍ਹਾਂ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਕੇਂਦਰ ਵੱਲੋਂ ਕਾਰਪੋਰੇਟ ਘਰਾਣਿਆਂ ਰਾਹੀਂ ਮੀਡੀਆ ‘ਤੇ ਕੰਟਰੋਲ ਕੀਤਾ ਹੋਇਆ ਹੈ ਅਤੇ ਅਸਹਿਮਤੀ ਵਿਰੁੱਧ ਉਠਣ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਇੰਦੂ ਮਲਹੋਤਰਾ, ਪੰਜਾਬ ਮਹਿਲਾ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸਰਨ ਕੌਰ ਰੰਧਾਵਾ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਸਾਮਲ ਸਨ। ਸਮਾਣਾ ਦੀ ਅਨਾਜ ਮੰਡੀ ਵਿਖੇ ਹੋਈ ਇਸ ਰੈਲੀ ਵਿੱਚ ਏ.ਆਈ.ਸੀ.ਸੀ ਦੇ ਜਨਰਲ ਸੱਕਤਰ ਹਰੀਸ਼ ਰਾਵਤ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਰਜਿੰਦਰ ਸਿੰਘ ਸਮੇਤ ਕਈ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਧਾਇਕ ਮੌਜੂਦ ਸਨ। ਇਸ ਰੈਲੀ ਵਿਚ ਵੱਡੀ ਗਿਣਤੀ ਨਰਾਜ ਕਿਸਾਨ, ਆੜ੍ਹਤੀਏ, ਮਜਦੂਰ ਅਤੇ ਸੈਂਕੜੇ ਆਮ ਲੋਕ ਸ਼ਾਮਲ ਹੋਏ।