Rahul mentions Hathras : ਪਟਿਆਲਾ : ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਫਿਰ ਕੇਂਦਰ ਸਰਕਾਰ ‘ਤੇ ਹਮਲਾ ਕੀਤਾ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਖੇਤੀ ਬਚਾਓ ਯਾਤਰਾ ਦੇ ਬੈਨਰ ਨਾਲ ਪੰਜਾਬ ਦੇ ਤਿੰਨ ਦਿਨਾ ਦੌਰੇ ਦੀ ਸਮਾਪਤੀ ‘ਤੇ ਪਟਿਆਲਾ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਕਾਲੇ ਕਾਨੂੰਨਾਂ ਨਾਲ ਕਿਸਾਨ ਤੇ ਖੇਤੀ ਦੋਵੇਂ ਬਰਬਾਦ ਹੋ ਜਾਣਗੇ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਗੈਂਗਰੇਪ ਅਤੇ ਹੱਤਿਆ ਦੇ ਵਿਸ਼ੇ ‘ਤੇ ਵੀ ਗੱਲਬਾਤ ਕੀਤੀ। ਰਾਹੁਲ ਨੇ ਕਿਹਾ ਕਿ ਅੱਜ ਲਾਠੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ। ਮੈਂ ਲਾਠੀਆਂ ਖਾਣ ਨੂੰ ਤਿਆਰ ਹਾਂ ਪਰ ਕਾਂਗਰਸ ਕਦੇ ਵੀ ਪੀੜਤ ਦਾ ਸਾਥ ਨਹੀਂ ਛੱਡੇਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਦੀ ਸਰਕਾਰ ‘ਤੇ ਨੌਕਰੀਆਂ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਵਾਲ ਚੁੱਕਿਆ। ਨਾਲ ਹੀ ਕੈਪਟਨ ਨੇ ਇੱਕ ਲੱਖ ਨੌਕਰੀਆਂ ਦੇਣ ਦਾ ਵੀ ਐਲਾਨ ਕੀਤਾ।
ਅੱਜ ਰਾਹੁਲ ਗਾਂਧੀ ਪੰਜਾਬ ‘ਚ ਟਰੈਕਟਰ ਯਾਤਰਾ ਖਤਮ ਕਰਕੇ ਹਰਿਆਣਾ ‘ਚ ਦਾਖਲ ਹੋਣਗੇ। ਦੂਧਨ ਸਾਧਾਂ ਦੀ ਜਨਸਭਾ ‘ਚ ਪਹੁੰਚਣ ਤੋਂ ਪਹਿਲਾਂ ਪਟਿਆਲਾ ‘ਚ ਮੀਡੀਆ ਨਾਲ ਰੂ-ਬ-ਰੂ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਕਾਨੂੰਨ ਨਾਲ ਪੰਜਾਬ ਦੀ ਖੇਤੀ ਤੇ ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। MSP ਅਤੇ ਫਸਲ ਖਰੀਦ ਦੀ ਵਿਵਸਥਾ ‘ਤੇ ਸੱਟ ਦੇ ਬਹੁਤ ਖਤਰਨਾਕ ਨਤੀਜੇ ਹੋਣਗੇ। ਉਨ੍ਹਾਂ ਨੇ ਨੋਟਬੰਦੀ, GST ਅਤੇ ਕੋਰੋਨਾ ਸੰਕਟ ਨੂੰ ਲੈ ਕੇ ਵੀ ਕੇਂਦਰ ਸਰਕਾਰ ‘ਤੇ ਸਵਾਲ ਚੁੱਕੇ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਖੇਤੀ ਤੇ ਕਿਸਾਨਾਂ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਇਹ ਬਹੁਤ ਖਤਰਨਾਕ ਹੈ। ਸਰਕਾਰ ਨੇ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਲਿਆ ਤੇ ਹੁਣ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ। ਅਸੀਂ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਹਾਂ।
ਉੱਤਰ ਪ੍ਰਦੇਸ਼ ਦੇ ਹਾਥਰਸ ਜਾਣ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ ਹੋਣ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਲਾਠੀਆਂ ਚਲਾਉਣਾ ਆਮ ਗੱਲ ਹੈ ਤੇ ਥੋੜ੍ਹਾ ਜਿਹਾ ਥੱਕਾ ਲੱਗ ਗਿਆ ਤਾਂ ਕੀ ਹੋ ਗਿਆ। ਉਨ੍ਹਾਂ ਨੇ ਕਿਹਾ, ਮੈਂ ਲਾਠੀ-ਡੰਡਾ ਵੀ ਖਾਣ ਨੂੰ ਤਿਆਰ ਹਾਂ। ਰਾਹੁਲ ਗਾਂਧੀ ਨੇ ਹਾਥਰਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ‘ਤੇ ਵੀ ਹੈਰਾਨਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ PM ਇਸ ਮੁੱਦੇ ‘ਤੇ ਕੁਝ ਵੀ ਨਹੀਂ ਕਹਿ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਨੌਕਰੀਆਂ ਦੇਣਾ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ। ਇਹ ਕਦਮ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਤੋਂ ਪ੍ਰਤਖ ਤੇ ਅਪ੍ਰਤੱਖ ਰੂਪ ਨਾਲ ਕਾਫੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।