Sunil Jakhar speaks : ਚੰਡੀਗੜ੍ਹ : ਪੰਜਾਬ ਕਾਂਗਰਸ ਦਰਮਿਆਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਹੁਣ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ‘ਚ ਅਣਬਣ ਹੋ ਗਈ ਹੈ। ਪਾਰਟੀ ਦੀ ਪੰਜਾਬ ‘ਚ ਸਥਿਤੀ ‘ਤੇ ਰਾਵਤ ਦੇ ਬਿਆਨ ਆਉਣ ਤੋਂ ਬਾਅਦ ਦੋਵੇਂ ਨੇਤਾ ਆਹਮੋ-ਸਾਹਮਣੇ ਹੋ ਗਏ ਹਨ। ਹੁਣ ਜਾਖੜ ਨੇ ਕਿਹਾ ਕਿ ਪਾਰਟੀ ਦੇ ਹਿੱਤ ਸਰਵਉੱਚ ਹਨ। ਇਸ ਲਈ ਜੇਕਰ ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਕੋਈ ਦੂਜਾ ਨੇਤਾ ਸੰਗਠਨ ਨੂੰ ਮਜ਼ਬੂਤੀ ਦੇ ਸਕਦਾ ਹੈ ਤਾਂ ਉਹ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਨਵਾਂ ਪ੍ਰਧਾਨ ਚੁਣ ਸਕਦੇ ਹਨ। ਜਾਖੜ ਨੇ ਇਹ ਗੱਲ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਦੇ ਜਵਾਬ ‘ਚ ਕਹੀ ਹੈ। ਰਾਵਤ ਨੇ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ‘ਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਜ਼ਿਆਦਾ ਕੰਮ ਨਹੀਂ ਹੋਇਆ। ਇਹੀ ਨਹੀਂ ਪੰਜਾਬ ‘ਚ ਕਾਂਗਰਸ ਆਪਣੀ ਤਾਕਤ ਤੋਂ ਵੱਧ ਦੂਜੀ ਪਾਰਟੀ ਦੀ ਕਮਜ਼ੋਰੀ ‘ਤੇ ਭਰੋਸਾ ਕਰ ਰਹੀ ਹੈ ਜਦੋਂ ਕਿ ਇਸ ‘ਚ ਸੰਤੁਲਨ ਬਣਆਉਣ ਦੀ ਲੋੜ ਹੈ।
ਜਾਖੜ ਨੇ ਕਿਹਾ ਕਿ ਹਰੀਸ਼ ਰਾਵਤ ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਪੂਰੇ ਜ਼ੋਰ-ਸ਼ੋਰ ਨਾਲ ਇਹ ਗੱਲ ਚੁੱਕੀ ਸੀ ਕਿ ਮੀਡੀਆ ‘ਚ ਜਾਣ ਦੀ ਬਜਾਏ ਪਾਰਟੀ ਵਿਧਾਇਕ ਉਨ੍ਹਾਂ ਨਾਲ ਗੱਲ ਕਰੇ ਤੇ ਪਾਰਟੀ ਫੋਰਨ ‘ਤੇ ਹੀ ਇਸ ਮੁੱਦੇ ਨੂੰ ਚੁੱਕਣ। ਚੰਗਾ ਹੁੰਦਾ ਕਿ ਹਰੀਸ਼ ਰਾਵਤ ਵੀ ਸੰਗਠਨ ਨੂੰ ਲੈ ਕੇ ਮੀਡੀਆ ‘ਚ ਆਪਣਾ ਪੱਖ ਰੱਖਣ ਦੀ ਬਜਾਏ ਰਾਹੁਲ ਗਾਂਧੀ ਨਾਲ ਗੱਲ ਕਰਦੇ। 2019 ‘ਚ ਲੋਕ ਸਭਾ ਚੋਣਾਂ ‘ਚ ਮਿਸ਼ਨ 13 (ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਟੀਚਾ) ਪੂਰਾ ਨਾ ਹੋਣ ‘ਤੇ ਖੁਦ ਗੁਰਦਾਸਪੁਰ ਤੋਂ ਚੋਣ ਹਾਰਨ ਤੋਂ ਬਾਅਦ ਸਨੀਲ ਜਾਖੜ ਨੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਸੋਨੀਆ ਗਾਂਧੀ ਨੇ ਜਾਖੜ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ।
ਜਨਵਰੀ 2020 ‘ਚ ਪ੍ਰਦੇਸ਼ ਪ੍ਰਧਾਨ ਨੂੰ ਛੱਡ ਕੇ ਪਾਰਟੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਅਗਸਤ ਮਹੀਨੇ ‘ਚ ਪਾਰਟੀ ਅਧਿਕਾਰੀਆਂ ਦੀ ਲਿਸਟ ਤਿਆਰ ਕਰਕੇ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਗਈ ਸੀ ਜਿਸ ਨੂੰ ਹੁਣ ਤੱਕ ਪਾਰਟੀ ਹਾਈਕਮਾਨ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਦੌਰਾਨ ਕਾਂਗਰਸ ਨੇ ਸਾਬਕਾ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੂੰ ਬਦਲ ਕੇ ਹਰੀਸ਼ ਰਾਵਤ ਨੂੰ ਨਵਾਂ ਇੰਚਾਰਜ ਬਣਾ ਦਿੱਤਾ। ਹੁਣ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਨਵੇਂ ਢਾਂਚੇ ਨੂੰ ਤਿਆਰ ਕਰਨ ‘ਚ ਅਜੇ ਲਗਭਗ ਦੋ ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ। ਜਾਖੜ ਦਾ ਕਹਿਣਾ ਹੈ ਕਿ ਹੁਣ ਪੰਜਾਬ ‘ਚ ਚੋਣਾਂ ਨੂੰ ਲੈ ਕੇ ਇੱਕ ਸਾਲ ਦਾ ਸਮਾਂ ਬਾਕੀ ਹੈ। ਅਜਿਹੇ ‘ਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਸਕਦੀ ਹੈ ਜੋ ਪਾਰਟੀ ਨੂੰ ਮਜ਼ਬੂਤੀ ਦੇ ਸਕੇ। ਪ੍ਰਦੇਸ਼ ਦੇ ਇਸ ਬਿਆਨ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਅੱਗੇ ਆਉਣ ਵਾਲੇ ਸਮੇਂ ‘ਚ ਕਾਂਗਰਸ ‘ਚ ਵੱਡਾ ਹੰਗਾਮਾ ਹੋ ਸਕਦਾ ਹੈ।