19-year-old woman : ਮੋਗਾ : ਮੋਗਾ ਦੇ ਮਥੁਰਦਾਸ ਮੈਮੋਰੀਅਲ ਸਿਵਲ ਹਸਪਤਾਲ ‘ਚ ਸ਼ਨੀਵਾਰ ਸਵੇਰੇ 19 ਸਾਲ ਦੀ ਇੱਕ ਲੇਬਰ ਕਲਾਸ ਔਰਤ ਨੇ ਪਾਰਕਿੰਗ ‘ਚ ਹੀ ਬੇਟੀ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸਦੇ ਨਜ਼ਰ ਆਏ। ਦੱਸਣਯੋਗ ਹੈ ਕਿ ਕੁਝ ਮਿੰਟ ਪਹਿਲਾਂ ਇਥੇ ਸਟਾਫ ਨੇ ਖੂਨ ਦੀ ਕਮੀ ਹੋਣ ਕਾਰਨ ਹਾਈ ਰਿਸਕ ਪ੍ਰੈਗਨੈਂਸੀ ਕੇਸ ਦੱਸ ਕੇ ਵਿਆਹੁਤਾ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਸੀ ਅਤੇ ਐਂਬੂਲੈਂਸ ਦੇ ਇੰਤਜ਼ਾਰ ‘ਚ ਪਾਰਕਿੰਗ ‘ਚ ਹੀ ਡਲਿਵਰੀ ਕਰਨੀ ਪਈ। ਹੁਣ ਐਂਬੂਲੈਂਸ ਦੇ ਇੰਤਜ਼ਾਰ ‘ਚ ਹੀ ਪਾਰਕਿੰਗ ‘ਚ ਹੀ ਡਲਿਵਰੀ ਕਰਨੀ ਪਈ।
ਉੱਤਰ ਪ੍ਰਦੇਸ਼ ਦੇ ਜਿਲ੍ਹਾ ਸ਼ਾਮਲੀ ਦੇ ਪਿੰਡ ਭਾਰਵੀ ਨਿਵਾਸੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੇ ਭੈਣ ਅੰਕਿਤਾ ਦੇ ਪਰਿਵਾਰ ਨਾਲ ਪਿੰਡ ਜਲਾਲਾਬਾਦ ਪੂਰਬੀ ਸਥਿਤ ਏ. ਐੱਸ. ਭੱਠੇ ‘ਤੇ ਕੰਮ ਕਰਦਾ ਹੈ। ਸ਼ਨੀਵਾਰ ਸਵੇਰ 5 ਵੱਜ ਕੇ 13 ਮਿੰਟ ‘ਤੇ ਲੇਬਰ ਪੇਨ ਹੋਣ ਕਾਰਨ ਪਰਿਵਾਰਕ ਮੈਂਬਰ ਅੰਕਿਤਾ ਨੂੰ ਲੈ ਕੇ ਸਰਕਾਰੀ ਐਂਬੂਲੈਂਸ ਨਾਲ ਮੋਗਾ ਸਿਵਲ ਹਸਪਤਾਲ ਪੁੱਜੇ। 5.30 ਵਜੇ ਡਾਕਟਰਾਂ ਨੇ ਖੂਨ ਦੀ ਕਮੀ ਕਾਰਨ ਹਾਈ ਰਿਸਕ ਡਲਿਵਰੀ ਦੱਸਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਡਾਕਟਰਾਂ ਨੇ ਅੰਕਿਤਾ ‘ਚ ਸਾਢੇ 6 ਗ੍ਰਾਮ ਹਿਮੋਗਲੋਬਿਨ ਦੱਸਿਆ ਸੀ। ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਤੇ ਪਰਿਵਾਰਕ ਮੈਂਬਰ ਅੰਕਿਤਾ ਨੂੰ ਲੈ ਕੇ ਪਾਰਕਿੰਗ ‘ਚ ਆ ਗਏ ਤੇ ਐਂਬੂਲੈਂਸ ਦਾ ਇੰਤਜ਼ਾਰ ਕਰਨ ਲੱਗੇ ਕਿ ਇੰਨੇ ‘ਚ ਦਰਦ ਹੋਰ ਵੱਧ ਗਿਆ। ਜਦੋਂ ਤੱਕ ਉਹ ਭੱਜ ਕੇ ਐਮਰਜੈਂਸੀ ਵਿਭਾਗ ਤੋਂ ਸਟ੍ਰੈਚਰ ਲੈ ਕੇ ਆਇਆ, ਕੁਝ ਔਰਤਾਂ ਨੇ ਘੇਰਾ ਪਾ ਕੇ ਪਾਰਕਿੰਗ ‘ਚ ਹੀ ਡਲਿਵਰੀ ਕਰਵਾ ਦਿੱਤੀ।
ਰਵਿੰਦਰ ਕੁਮਾਰ ਦਾ ਦੋਸ਼ ਹੈ ਕਿ ਇਸ ਦੇ ਦੋ ਘੰਟੇ ਤੱਕ ਭੈਣ ਤੇ ਭਾਣਜੀ ਨੂੰ ਸਟ੍ਰੈਚਰ ‘ਤੇ ਲੈ ਕੇ ਘੁੰਮਦਾ ਰਿਹਾ ਪਰ ਹਸਪਤਾਲ ਸਟਾਫ ਨੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ SMO ਡਾ. ਰਾਜੇਸ਼ ਅਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਬਣਾ ਕੇ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਨੂੰ ਸੌਂਪ ਦਿੱਤੀ ਗਈ ਹੈ। ਉਹ ਖੁਦ ਵੀ ਜੱਚਾ-ਬੱਚਾ ਨੂੰ ਦੇਖਣ ਗਏ ਸਨ। ਦੋਵੇਂ ਸਿਹਤਮੰਦ ਹਨ। ਬੱਚੇ ਨੂੰ ਨਰਸਰੀ ‘ਚ ਰੱਖਿਆ ਗਿਆ ਹੈ ਤੇ ਜਾਂਚ ‘ਚ ਦੋਸ਼ੀ ਪਾਏ ਗਏ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ।