State Incharge Harish : ਜਲੰਧਰ : ਪਿਛਲੇ ਕਾਫੀ ਦਿਨਾਂ ਤੋਂ ਕਾਂਗਰਸ ਪਾਰਟੀ ਵਿਚਾਲੇ ਵਿਵਾਦ ਚੱਲ ਰਿਹਾ ਹੈ। ਸੂਬਾ ਇੰਚਾਰਜ ਹਰੀਸ਼ ਰਾਵਤ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਪਾਰਟੀ ਦੇ ਕੰਮਕਾਜ ਨੂੰ ਅਣਬਣ ਪੈਦਾ ਹੋ ਗਈ ਸੀ। ਜਿਸ ‘ਤੇ ਅੱਜ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਸੁਨੀਲ ਜਾਖੜ ਪਾਰਟੀ ਦੇ ਥੰਮ੍ਹ ਹਨ ਤੇ ਉਨ੍ਹਾਂ ਨਾਲ ਕੰਮ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ।
ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਰੀਸ਼ ਰਾਵਤ ਨੇ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸੰਗਠਨ ਮਜ਼ਬੂਤੀ ਨੂੰ ਲੈ ਕੇ ਸਵਾਲ ਚੁੱਕੇ ਸਨ ਕਿ ਪੰਜਾਬ ਕਾਂਗਰਸ ਵੱਲੋਂ ਜੋ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਜੋ ਕੰਮ ਹੋਣੇ ਚਾਹੀਦੇ ਹਨ, ਉਹ ਨਹੀਂ ਹੋ ਰਹੇ। ਇਸ ‘ਤੇ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਦੇ ਹਿੱਤ ਸਰਵਉੱਚ ਹਨ। ਇਸ ਲਈ ਜੇਕਰ ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਕੋਈ ਦੂਜਾ ਨੇਤਾ ਸੰਗਠਨ ਨੂੰ ਮਜ਼ਬੂਤੀ ਦੇ ਸਕਦਾ ਹੈ ਤਾਂ ਉਹ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਨਵਾਂ ਪ੍ਰਧਾਨ ਚੁਣ ਸਕਦੇ ਹਨ। ਦੂਜੇ ਪਾਸੇ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ‘ਚ ਮੀਡੀਆ ਨੇ ਪੁੱਛਿਆ ਸੀ ਕਿ ਜ਼ਿਲ੍ਹੇ ਤੇ ਸੂਬੇ ਦੀ ਇਕਾਈ ਦੇ ਮੁੜ ਗਠਨ ‘ਚ ਹੋ ਰਹੀ ਦੇਰੀ ਦਾ ਕੀ ਕਾਰਨ ਹੈ ਤਾਂ ਉਨ੍ਹਾਂ ਨੇ ਇਸ ਸਥਿਤੀ ਨੂੰ ਸਹੀ ਨਾ ਦੱਸਦਿਆਂ ਇਸ ਪਾਸੇ ਧਿਆਨ ਦੇਣ ਦੀ ਗੱਲ ਕਹੀ ਸੀ।
ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਹਰੀਸ਼ ਰਾਵਤ ਨੂੰ ਉਨ੍ਹਾਂ ਦੇ ਕੰਮ ਤੋਂ ਕੋਈ ਇਤਰਾਜ਼ ਸੀ, ਤਾਂ ਇਹ ਗੱਲ ਉਨ੍ਹਾਂ ਨੂੰ ਮੀਡੀਆ ‘ਚ ਕਹਿਣ ਦੀ ਬਜਾਏ ਜਾਂ ਤਾਂ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਕਹਿਣੀ ਚਾਹੀਦੀ ਸੀ ਜਾਂ ਰਾਹੁਲ ਗਾਂਧੀ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀਦੀ ਸੀ। ਇਸ ਬਿਆਨ ‘ਤੇ ਸਪੱਸ਼ਟੀਕਰਨ ਦਿੰਦਿਆਂ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਹ ਜਾਖੜ ਨਾਲ ਮਿਲ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਰ ਪੱਧਰ ‘ਤੇ ਕੰਮ ਕਰਨ ਨੂੰ ਤਿਆਰ ਹਨ। ਰਾਵਤ ਨੇ ਕਿਹਾ ਕਿ ਮੀਡੀਆ ਵੱਲੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਪਾਰਟੀ ਦਾ ਨਵਾਂ ਢਾਂਚੇ ਨੂੰ ਤਿਆਰ ਕਰਨ ‘ਚ ਦੋ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ ਤੇ ਉਨ੍ਹਾਂ ਦੇ ਇਸ ਬਿਆਨ ਨੂੰ ਹੀ ਤੋੜ ਮੋਰੜ ਕੇ ਪੇਸ਼ ਕੀਤਾ ਜਾ ਰਿਹਾ ਹੈ।