Hoshiarpur police arrest: ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ ਬੈਂਕ ਡਕੈਤੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੇ ਡਕੈਤੀ ਦੀਆਂ 3 ਵਾਰਦਾਤਾਂ ਨੂੰ ਕਬੂਲ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਤਿੰਨ 315 ਬੋਰ ਦੀ ਦੇਸੀ ਪਿਸਤੌਲਾਂ, ਕਾਰਤੂਸ, ਇੱਕ ਸਕੂਟੀ, ਇੱਕ ਮੋਟਰਸਾਈਕਲ ਤੇ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਦੋਸ਼ੀਆਂ ਤੋਂ ਕਾਲਰਾ ਦੀ ਯੂਕੋ ਬੈਂਕ ‘ਚ ਡਕੈਤੀ ‘ਚ ਗਾਰਡ ਤੋਂ ਖੋਹੀ ਗਈ ਦੋਨਾਲੀ ਵੀ ਬਰਾਮਦ ਕੀਤੀ ਗਈ ਹੈ।
ਦੋਸ਼ੀਆਂ ਦੀ ਪਛਾਣ ਸੁਨੀਲ ਦੱਤ ਵਾਸੀ ਘੁਗਿਆਲ ਥਾਣਾ ਹਰਿਆਵਾ ਜਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਉਰਫ ਸੁੱਕਾ ਨਿਵਾਸੀ ਕੋਠੇ ਪ੍ਰੇਮ ਨਗਰ ਤੇ ਬਲਵਿੰਦਰ ਸਿੰਘ ਉਰਫ ਸੋਨੂੰ ਨਿਵਾਸੀ ਕੋਠੇ ਪ੍ਰੇਮ ਵਜੋਂ ਹੋਈ ਹੈ। ਇਸ ਸਬੰਧ ‘ਚ SSP ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਦੋ ਸਾਥੀ ਸਤਪਾਲ ਸਿੰਘ ਉਰਫ ਸੱਤਾ ਨਿਵਾਸੀ ਹਰਿਆਨਾ ਤੇ ਗੁਰਵਿੰਦਰ ਸਿੰਘ ਉਰਫ ਬਿੰਦਾ ਵਾਸੀ ਲੁਡਿਆਣੀ ਥਾਣਾ ਦਸੂਹਾ ਦੀ ਗ੍ਰਿਫਤਾਰੀ ਲੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਬੈਂਕ ਡਕੈਤੀਆਂ ਨੂੰ ਹੱਲ ਕਰਨ ਲਈ ਐੱਸ. ਪੀ. ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ‘ਚ 6 ਟੀਮਾਂ ਬਣਾਈਆਂ ਗਈਆਂ ਜਿਸ ਤਹਿਤ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮਾਡਲ ਟਾਊਨ ਥਾਣੇ ਦੇ ਇੰਸਪੈਰਟਰ ਕਰਨੈਲ ਸਿੰਘ, ਥਾਣਾ ਸਿਟੀ ਦੇ ਇੰਸਪੈਕਟਰ ਗੋਬਿੰਦਰ ਕੁਮਾਰ ਤੇ ਸੀ. ਆਈ. ਏ. ਦੇ ਇੰਸਪੈਕਟਰ ਸ਼ਿਵ ਕੁਮਾਰ ‘ਤੇ ਆਧਾਰਿਤ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਸੀ. ਸੀ. ਟੀ. ਵੀ. ਫੁਟੇਜ, ਅਪਰਾਧਿਕ ਕਿਸਮ, ਜ਼ਮਾਨਤ ‘ਤੇ ਆਏ ਵਿਅਕਤੀਆਂ ਦੇ ਅਪਰਾਧਿਕ ਬੈਕਗਰਾਊਂਡ ਖੰਗਾਲਣ ਦੀ ਮਦਦ ਨਾਲ 19 ਅਕਤੂਬਰ ਰਾਤ ਲਗਭਗ 11 ਵਜੇ ਪਿੰਡ ਖਾਖਲੀ ਤੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂ ਖਿਲਾਫ ਧਾਰਾ 392/394/395 ਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਥਾਣਾ ਹਰਿਆਨਾ ‘ਚ ਮੁਕੱਦਮਾ ਨੰਬਰ 154 ਮਿਤੀ 19.10.2020 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਦੋਸ਼ੀਆਂ ਖਿਲਾਫ ਅਪਰਾਧਕ ਮਾਮਲੇ ਦਰਜ ਹਨ। ਇਨ੍ਹਾਂ ਨੇ ਪਿੰਡ ਭਾਗੋਵਾਲ ਵਿਖੇ 4 ਸਤੰਬਰ ਨੂੰ ਤੇ 27 ਜੁਲਾਈ ਨੂੰ ਟਾਂਡਾ ਦੇ ਪਿੰਡ ਗਿਲਜੀਆਂ ਵਿਖੇ ਬੈਂਕ ਡਕੈਤੀ ਕੀਤੀ ਸੀ ਤੇ ਇਸ ਤੋਂ ਬਾਅਦ 15 ਅਕਤੂਬਰ ਨੂੰ ਥਾਣਾ ਆਦਮਪੁਰ ਦੇ ਪਿੰਡ ਕਾਲਰਾ ‘ਚ ਬੈਂਕ ਡਕੈਤੀ ਕੀਤੀ ਗਈ। ਪੁਲਿਸ ਨੇ ਵਾਰਦਾਤ ‘ਚ ਵਰਤਿਆ ਜਾਣ ਵਾਲਾ ਸਪਲੈਂਡਰ ਮੋਟਰਸਾਈਕਲ ਤੇ ਸਕੂਟੀ ਵੀ ਬਰਾਮਦ ਕਰ ਲਈ ਹੈ।