Mike Pompeo US defence secretary: ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਅਗਲੇ ਹਫਤੇ ਭਾਰਤ ਆਉਣਗੇ । ਮਾਰਕ ਐਸਪਰ ਨੇ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਭਾਰਤ ਤੇ ਚੀਨ ਵਿਚਾਲੇ ਬਣੇ ਹੋਏ ਤਣਾਅ ਵਿਚਾਲੇ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਮਰੀਕੀ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਦਾ ਇਹ ਦੌਰਾ ਰੱਖਿਆ ਗਿਆ ਹੈ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ, “ਭਾਰਤ ਸਾਡੇ ਲਈ ਇਸ ਸਦੀ ਵਿੱਚ ਇੰਡੋ-ਪੈਸਿਫ਼ਿਕ ਵਿੱਚ ਸਭ ਤੋਂ ਵਧੀਆ ਨਤੀਜਾ ਵਾਲਾ ਭਾਈਵਾਲ ਬਣੇਗਾ।”
ਮਾਰਕ ਐਸਪਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਪੁਰਾਣੇ ਗੱਠਜੋੜ ਨੂੰ ਮਜ਼ਬੂਤ ਕਰਨ ਅਤੇ ਆਪਣੇ ਗਲੋਬਲ ਨੈਟਵਰਕ ਬਣਾਉਣ ਲਈ ਰੂਸੀ ਅਤੇ ਚੀਨੀ ਯਤਨਾਂ ਦੇ ਵਿਰੁੱਧ ਨਵੀਆਂ ਘਟਨਾਵਾਂ ਲਈ ਅਮਰੀਕਾ ਦੇ ਵਿਆਪਕ ਉੱਦਮ ਦਾ ਹਿੱਸਾ ਹੈ । ਰਿਪੋਰਟਾਂ ਅਨੁਸਾਰ ਅਮਰੀਕੀ ਅਤੇ ਭਾਰਤੀ ਹਮਰੁਤਬਾ ਮੰਤਰੀਆਂ ਵਿਚਾਲੇ ਖੁਫੀਆ ਜਾਣਕਾਰੀ ਦੇ ਇੰਪੁੱਟ ਨੂੰ ਸਾਂਝਾ ਕਰਨ ਲਈ ਵਿਚਾਰ ਵਟਾਂਦਰੇ ਵੀ ਹੋ ਸਕਦੇ ਹਨ।
ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਦਾ ਪੱਖ ਲੈਂਦਿਆਂ ਮਾਰਕ ਐਸਪਰ ਨੇ ਕਿਹਾ, ‘ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਭਾਰਤ ਯੋਗ ਲੋਕਾਂ ਨਾਲ ਭਰਪੂਰ ਯੋਗ ਦੇਸ਼ ਹੈ। ਉੱਥੋਂ ਦੇ ਲੋਕ ਹਰ ਰੋਜ਼ ਹਿਮਾਲਿਆ ਵਿੱਚ ਚੀਨੀਆਂ ਦਾ ਸਾਹਮਣਾ ਕਰ ਰਹੇ ਹਨ।’ ਮਾਰਕ ਐਸਪਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਆਸਟ੍ਰੇਲੀਆ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਹ ਅਗਲੇ ਮਹੀਨੇ ਭਾਰਤ ਨਾਲ ਮਿਲਟਰੀ ਡ੍ਰਿਲ ਵਿੱਚ ਸ਼ਾਮਿਲ ਹੋਵੇਗਾ । ਮਲਾਬਾਰ ਸਾਂਝੇ ਅਭਿਆਸਾਂ ਵਿੱਚ ਭਾਰਤ ਦੇ ਨਾਲ ਆਸਟ੍ਰੇਲੀਆ ਹੀ ਨਹੀਂ ਬਲਕਿ ਅਮਰੀਕਾ ਅਤੇ ਜਾਪਾਨ ਵੀ ਹਿੱਸਾ ਲੈ ਰਹੇ ਹਨ। ਇਹ ਡ੍ਰਿਲ ਨਵੰਬਰ ਵਿੱਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਹੋਵੇਗੀ।
ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ਵਿੱਚ ਕੇਂਦਰ ਸਰਕਾਰ ਨੇ ਕਿਹਾ, ‘ਭਾਰਤ ਸਮੁੰਦਰੀ ਸੁਰੱਖਿਆ ਦੇ ਮਾਮਲੇ ਵਿੱਚ ਦੂਜੇ ਦੇਸ਼ਾਂ ਨਾਲ ਸਹਿਯੋਗ ਵਧਾਉਣ ਦਾ ਇੱਛੁਕ ਹੈ। ਆਸਟ੍ਰੇਲੀਆ ਦੀ ਨੇਵੀ ਮਲਾਬਾਰ 2020 ਅਭਿਆਸਾਂ ਵਿੱਚ ਵੀ ਹਿੱਸਾ ਲਵੇਗੀ ।’ ਦੱਸ ਦੇਈਏ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਸਮੁੰਦਰੀ ਸਹਿਯੋਗ ਦੇ ਤਹਿਤ ਮਾਲਾਬਾਰ ਅਭਿਆਸ ਦੀ ਸ਼ੁਰੂਆਤ 1992 ਵਿੱਚ ਕੀਤੀ ਗਈ ਸੀ । ਸਾਲ 2018 ਵਿੱਚ ਇਹ ਸਲਾਨਾ ਅਭਿਆਸ ਫਿਲਪੀਨਜ਼ ਦੀ ਗੁਆਮ ਦੇ ਤੱਟ ਅਤੇ ਜਾਪਾਨ ਦੇ ਤੱਟ ‘ਤੇ ਸਾਲ 2019 ਵਿੱਚ ਹੋਇਆ ਸੀ। ਇਸ ਸਾਲ ਇਹ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਆਯੋਜਿਤ ਕੀਤਾ ਜਾਵੇਗਾ।