US reports 80000 new cases: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਾਪਸ ਆ ਗਈ ਹੈ ਅਤੇ ਇਸ ਨੇ ਲੋਕਾਂ ਨੂੰ ਫਿਰ ਤੋਂ ਦਹਿਸ਼ਤ ਵਿੱਚ ਪਾ ਦਿੱਤਾ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇੱਕ ਦਿਨ ਵਿੱਚ 80 ਹਜ਼ਾਰ ਨਵੇਂ ਸਕਾਰਾਤਮਕ ਕੇਸ ਆਉਣ ਕਾਰਨ ਹੜਕੰਪ ਮੱਚ ਗਿਆ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਇੱਕ ਦਿਨ ਵਿੱਚ ਲਗਭਗ 80,000 ਨਵੇਂ ਕੇਸ ਸਾਹਮਣੇ ਆਏ । ਅਮਰੀਕਾ ਵਿੱਚ ਵੀਰਵਾਰ ਰਾਤ 8.30 ਵਜੇ ਤੋਂ ਸ਼ੁੱਕਰਵਾਰ ਰਾਤ 8.30 ਵਜੇ ਦੇ ਅੰਕੜਿਆਂ ਵਿਚਾਲੇ ਕੋਵਿਡ -19 ਦੇ 79,963 ਮਾਮਲੇ ਦਰਜ ਕੀਤੇ ਗਏ।
ਕੋਰੋਨਾ ਦਾ ਇਹ ਅੰਕੜਾ ਡਰਾਉਣ ਵਾਲਾ ਵੀ ਹੈ ਕਿਉਂਕਿ ਅਜੇ ਤੱਕ ਅਮਰੀਕਾ ਵਿੱਚ ਇੱਕ ਦਿਨ ਵਿੱਚ ਇੰਨੇ ਕੇਸ ਸਾਹਮਣੇ ਨਹੀਂ ਆਏ ਸਨ। ਜਦੋਂ ਤੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਸਭ ਤੋਂ ਜ਼ਿਆਦਾ ਅੰਕੜਾ ਹੈ। ਇਸ ਨਾਲ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 8.5 ਮਿਲੀਅਨ ਹੋ ਗਈ ਹੈ। ਅਮਰੀਕਾ ਵਿੱਚ ਕੋਰੋਨਾ ਦਾ ਦੂਜਾ ਪ੍ਰਕੋਪ ਅਜਿਹੇ ਸਮੇਂ ਆਇਆ ਹੈ ਜਦੋਂ 3 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਦਰਅਸਲ, ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ -19) ਦੇ ਤੇਜ਼ੀ ਨਾਲ ਵਧਣ ਕਾਰਨ ਸੰਕਰਮਿਤ ਲੋਕਾਂ ਦੀ ਸੰਖਿਆ 4.17 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਮੌਤ ਦੀ ਗਿਣਤੀ 11.37 ਲੱਖ ਤੱਕ ਪਹੁੰਚ ਗਈ ਹੈ। ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਵਿੱਚ 4.17 ਕਰੋੜ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਹੋਏ ਹਨ ਅਤੇ 11.37 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 53.23 ਲੱਖ ਤੋਂ ਪਾਰ ਹੋ ਗਈ ਹੈ, ਜਦੋਂ ਕਿ 1.55 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਇਸ ਮਹਾਂਮਾਰੀ ਨਾਲ ਪੀੜਤ ਅਮਰੀਕਾ ਵਿੱਚ ਹੁਣ ਤੱਕ 2.23 ਲੱਖ ਤੋਂ ਵੱਧ ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ, ਜਦੋਂਕਿ ਸੰਕਰਮਿਤ ਦੀ ਗਿਣਤੀ 85 ਲੱਖ ਤੋਂ ਪਾਰ ਹੋ ਗਈ ਹੈ । ਉੱਥੇ ਹੀ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 54,366 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੰਕ੍ਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 77,61,312 ਤੱਕ ਪਹੁੰਚ ਗਈ ਹੈ। ਇਸ ਦੌਰਾਨ 73,979 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਅਤੇ ਇਸ ਨੂੰ ਮਿਲਾ ਕੇ ਹੁਣ ਤੱਕ ਦੇਸ਼ ਵਿੱਚ 69,48,497 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।