kapil dev thanks to everyone: ਭਾਰਤ ਲਈ ਪਹਿਲਾ ਵਰਲਡ ਕੱਪ ਜਿੱਤਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਹੁਣ ਰਾਹਤ ਦੀ ਖਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਿਲਕੁਲ ਸਹੀ ਲੱਗ ਰਹੇ ਹੈ। ਸ਼ੁੱਕਰਵਾਰ ਨੂੰ ਕਪਿਲ ਦੇਵ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਉਸ ਸਮੇਂ ਤੋਂ, ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਸੀ। ਇਨ੍ਹਾਂ ਸਾਰੀਆਂ ਅਰਦਾਸਾਂ ਦੇ ਜਵਾਬ ਵਿੱਚ ਕਪਿਲ ਨੇ ਲਿਖਿਆ, “ਮੈਂ ਠੀਕ ਹਾਂ ਅਤੇ ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋ ਰਿਹਾ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ।”
ਦੱਸ ਦੇਈਏ ਕਿ ਕਪਿਲ ਦੇਵ ਦੀ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਸਫਲਤਾਪੂਰਵਕ ਹੋਈ ਹੈ। ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।