Sukhbir Badal Urges Modi : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੂੰ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੀਆਂ ਫਸਲਾਂ ਦੇ ਕਰਜ਼ੇ, ਟਰੈਕਟਰ ਲੋਨ ਤੇ ਵਿਆਜ ਨੂੰ ਮਾਫ ਕਰਨ ਲਈ ਦੀ ਵਿੱਤ ਮੰਤਰਾਲੇ ਨੂੰ ਹਿਦਾਇਤ ਦੇਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਦਖਲ ਦੇ ਕੇ ਵਿੱਤ ਮੰਤਰਾਲੇ ਨੂੰ ਕਿਸਾਨਾਂ ਨੂੰ ਰਾਹਤ ਪੈਕੇਜ ਦੀ ਪੇਸ਼ਕਸ਼ ਕਰਨ। ਕਿਸਾਨਾਂ ਦੀਆਂ ਫਸਲੀ ਕਰਜ਼ੇ, ਟਰੈਕਟਰ ਲੋਨ ਤੇ ਵਿਆਜ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਨੂੰ ਪੂਰੀ ਤਰਾਂ ਮੁਆਫ ਕੀਤਾ ਜਾਵੇ। ਕਿਸਾਨ ਅਤੇ ਡੇਅਰੀ ਯੂਨਿਟ ਨੂੰ ਕੋਵਿਡ-19 ਦੀ ਮਾਰ ਝੱਲਣੀ ਪਈ ਹੈ ਅਤੇ ਉਤਪਾਦਾਂ ਦੀ ਮਹੀਨਿਆਂ ਤੱਕ ਵਿਕਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਆਜ ਮੁਆਫੀ ਯੋਜਨਾ ਤੋਂ ਬਾਹਰ ਰੱਖਣਾ ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਪੱਖਪਾਤ ਦਰਸਾਉਂਦਾ ਹੈ। ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਇਹ ਹੈਰਾਨ ਕਰਨ ਵਾਲਾ ਹੈ ਕਿ ਨੀਤੀ ਨਿਰਮਾਤਾ ਖੇਤੀ ਸੈਕਟਰ ਦੇ ਸੰਪਰਕ ਤੋਂ ਬਾਹਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਜ਼ਾਰਾਂ ਟਨ ਫਲ ਤੇ ਅਨਾਜ ਖੇਤਾਂ ਵਿਚ ਹੀ ਰੁੱਲ ਗਏ। ਜਿਹੜੇ ਕਿਸਾਨਾਂ ਨੇ ਪੋਲੀ ਤੇ ਨੈਟ ਹਾਊਸਿਜ਼ ਵਾਸਤੇ ਨਿਵੇਸ਼ ਕੀਤਾ ਸੀ, ਨੂੰ ਜਿਣਸ ਮਹੀਨਿਆਂ ਤੱਕ ਮੰਡੀ ਵਿਚ ਨਾ ਲਿਆਏ ਜਾ ਸਕਣ ਕਾਰਨ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ ਆਦਿ ਨਾਲ ਜੁੜੇ ਹਰ ਵਿਅਕਤੀ ਨੂੰ ਮਾਲੀ ਨੁਕਸਾਨ ਹੋਇਆ ਹੈ। ਪੰਜਾਬ ਵਿਚ ਝੋਨਾ ਉਤਪਾਦਕਾਂ ਨੂੰ ਵੀ ਵੱਡੇ ਘਾਟੇ ਝੱਲਣੇ ਪਏ ਕਿਉਂਕਿ ਉਨ੍ਹਾਂ ਨੂੰ ਲੇਬਰ ਦੀਆਂ ਦੁੱਗਣੀਆਂ ਕੀਮਤਾਂ ਦੇਣੀਆਂ ਪਈਆਂ। ਉਹਨਾਂ ਕਿਹਾ ਕਿ ਵਿੱਤ ਮੰਤਰਾਲੇ ਨੇ ਉਸ ਅੰਨਦਾਤਾ ਨਾਲ ਭੱਦਾ ਮਜ਼ਾਕ ਕੀਤਾ ਹੈ ਜਿਸਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਹਾਮਾਰੀ ਵੇਲੇ ਦੇਸ਼ ਵਾਸਤੇ ਅਨਾਜ ਸਪਲਾਈ ਕੀਤਾ।
ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਨਾਲ ਕੀਤੇ ਜਾ ਰਹੇ ਇਸ ਵਿਤਕਰੇ ਵਾਲੀ ਨੀਤੀ ਨੂੰ ਵਾਪਿਸ ਲਿਆ ਜਾਵੇ ਅਤੇ ਬੈਂਕਾਂ ਨੂੰ ਕਿਸਾਨਾਂ ਨੂੰ ਰਾਹਤ ਦੇਣ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਜਾਣ ਕਿਉਂਕਿ ਕਿਸਾਨ ਪਹਿਲਾਂ ਹੀ ਮਾਲੀ ਘਾਟੇ ਦਾ ਸਾਹਮਣਾ ਕਰ ਰਹੇ ਹਨ ਜਿਸ ਦੇ ਚੱਲਦਿਆਂ ਉਹ ਆਪਣੇ ਫਸਲਾਂ ਦੇ ਕਰਜ਼ਿਆਂ ਦੇ ਵਿਆਜ ਦੇਣ ਤੋਂ ਅਸਮਰੱਥ ਹਨ।