Young man burnt to death : ਜਲੰਧਰ ਦੇ ਟੈਗੋਰ ਨਗਰ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ, ਜਿਥੇ ਸ਼ਨੀਵਾਰ ਰਾਤ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸੜਕ ’ਤੇ ਅੱਗ ਦੀਆਂ ਲਾਟਾਂ ਨਾਲ ਘਿਰੇ ਇੱਕ ਵਿਅਕਤੀ ਨੂੰ ਵੇਖਿਆ। ਆਲੇ-ਦੁਆਲੇ ਦੇ ਲੋਕ ਅੱਗੇ ਆਏ ਅਤੇ ਅੱਗ ਉੱਤੇ ਕਾਬੂ ਪਾ ਕੇ ਅੱਗ ਬੁਝਾ ਦਿੱਤੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਈਸ਼ਵਰਦਾਸ ਵਾਸੀ ਟੈਗੋਰ ਨਗਰ ਵਜੋਂ ਹੋਈ ਹੈ। ਮ੍ਰਿਤਕ ਨੇ ਆਪਣੇ ਬਿਆਨਾਂ ਵਿੱਚ ਆਪਣੇ ਭਰਾ ਕੇਦਾਰ ਨਾਥ, ਨਰਿੰਦਰ ਕੁਮਾਰ ਅਤੇ ਭਾਬੀ ਨੂੰ ਉਸ ਨੂੰ ਅੱਗ ਦੇ ਹਵਾਲੇ ਕਰਨ ਦਾ ਦੋਸ਼ ਲਗਾਇਆ ਸੀ। ਇਸ ਸੰਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰਾਜੂ ਅਤੇ ਪਰਿਵਾਰ ਦਾ ਇੱਕ ਹੋਰ ਵਿਅਕਤੀ ਨਜ਼ਰ ਆਉਂਦੇ ਹਨ। ਰਾਜੂ ਘਰ ਵਿੱਚੋਂ ਬਾਹਰ ਆਇਆ ਪਰ ਦੂਜਾ ਵਿਅਕਤੀ ਦਰਵਾਜ਼ੇ ਵਿੱਚ ਖੜ੍ਹਾ ਹੈ ਅਤੇ ਕੁਝ ਸੈਕੰਡ ਬਾਅਦ ਹੀ ਰਾਜੂ ’ਤੇ ਅੱਗ ਦੀਆਂ ਲਾਟਾਂ ਨਜ਼ਰ ਆਉਣ ਲੱਗ ਗਈਆਂ। ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਐਤਵਾਰ ਨੂੰ ਉਸ ਨੇ ਦਮ ਤੋੜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਰਾਜੂ ਦਾ ਵਿਆਹ 7 ਸਾਲ ਹੋ ਗਿਆ ਹੈ। ਅਦਾਲਤ ਵਿੱਚ ਉਸਦੀ ਪਤਨੀ ਨਾਲ 3 ਸਾਲਾਂ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਸ ਦਾ ਇੱਕ 4 ਸਾਲ ਦਾ ਬੱਚਾ ਵੀ ਹੈ। ਰਾਜੂ ਆਪਣੀ ਪਤਨੀ ਨਾਲ ਚੱਲ ਰਹੇ ਕੇਸ ਕਾਰਨ ਡਿਪ੍ਰੈਸ਼ਨ ਵਿੱਚ ਸੀ। ਉਸ ਨੇ ਬਿਆਨਾਂ ਵਿੱਚ ਕਿਹਾ ਕਿ ਉਸ ਦੇ ਭਰਾ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਉਸ ਦੇ ਇੱਕ ਭਰਾ ਕੇਦਾਰ ਨਾਥ ਨੇ ਆਪ ਨੂੰ ਐਸਸੀ ਦੱਸ ਕੇ ਗਲਤ ਢੰਗ ਨਾਲ ਸਰਕਾਰੀ ਨੌਕਰੀ ਲਈ ਸੀ, ਜੋਕਿ ਚੰਡੀਗੜ੍ਹ ਵਿੱਚ ਤਾਇਨਾਤ ਹੈ। ਉਹ ਡਰਦਾ ਸੀ ਕਿ ਰਾਜੂ ਉਸ ਦਾ ਰਾਜ਼ ਖੋਲ੍ਹ ਸਕਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਦੇ ਜਾਇਦਾਦ ਵਿਚ ਹਿੱਸਾ ਲੈਣ ਦਾ ਡਰ ਸੀ। ਉਸ ਨੇ ਕਿਹਾ ਕਿ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਕਮਾਈ ਕਰਦਾ ਹੈ। ਜਾਇਦਾਦ ਲਈ ਉਸ ਦੇ ਭਰਾਵਾਂ ਅਤੇ ਭਰਜਾਈਆਂ ਨੇ ਉਸ ਨੂੰ ਜ਼ਿੰਦਾ ਪੈਟਰੋਲ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵਜ਼ੀਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਹੁਣ ਤਕ ਬਿਆਨ ਦਿੱਤੇ ਹਨ ਕਿ ਉਸਦੇ ਭਰਾਵਾਂ ਅਤੇ ਭਰਜਾਈਆਂ ਨੇ ਉਸਨੂੰ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।