Govt bows to farmers’ wrath: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਰੋਸ ਅਜੇ ਵੀ ਕਿਸਾਨਾਂ ਵਿੱਚ ਬਰਕਰਾਰ ਹੈ ਅਤੇ ਕਿਸਾਨ ਲਗਾਤਾਰ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਬੀਤੇ ਦਿਨਾਂ ਵਿੱਚ ਇਨ੍ਹਾਂ ਧਰਨਿਆਂ ਵਿੱਚ ਕਈ ਕਿਸਾਨਾਂ ਨੇ ਆਪਣੀ ਜਾਨ ਵੀ ਗਵਾ ਲਈ ਸੀ। ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ ਦੌਰਾਨ ਮਾਤਾ ਤੇਜ ਕੌਰ ਦੀ ਰੇਲ ਪਟੜੀ ‘ਤੇ ਡਿੱਗਣ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਸੀ, ਪਰਿਵਾਰ ਨੇ ਕਿਹਾ ਸੀ ਜਦੋ ਤੱਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ ਉਹ ਓਦੋ ਤੱਕ ਮਾਤਾ ਦਾ ਅੰਤਿਮ ਸਸਕਾਰ ਵੀ ਨਹੀਂ ਕਰਨਗੇ। ਇਸੇ ਤਰਾਂ ਇੱਕ ਮਾਮਲਾ ਸੰਗਰੂਰ ਦੇ ਧੂਰੀ ਤੋਂ ਵੀ ਸਾਹਮਣੇ ਆਇਆ ਸੀ ਉੱਥੇ ਵੀ ਇੱਕ ਕਿਸਾਨ ਨੇ ਅੰਦੋਲਨ ਦੌਰਾਨ ਆਪਣੀ ਜਾਨ ਗਵਾਈ ਸੀ। ਉਸ ਪਰਿਵਾਰ ਨੇ ਵੀ ਮੁਆਵਜ਼ੇ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਵੀ ਓਦੋ ਤੱਕ ਕਿਸਾਨ ਦਾ ਅੰਤਿਮ ਸਸਕਾਰ ਨਹੀਂ ਕਰਨਗੇ ਜੱਦੋ ਤੱਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ। ਪਰ ਹੁਣ ਕਿਸਾਨਾਂ ਦੇ ਰੋਹ ਅੱਗੇ ਸਰਕਾਰ ਨੇ ਝੁਕਦਿਆਂ ਕਿਸਾਨਾਂ ਦੀਆ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ।
ਸੰਗਰੂਰ ਦੇ ਧੂਰੀ ਤੋਂ ਅੰਦੋਲਨ ਦੌਰਾਨ ਮੇਘ ਰਾਜ ਨੇ ਵੀ 9 ਅਕਤੂਬਰ ਨੂੰ ਆਪਣੀ ਜਾਨ ਗਵਾਈ ਸੀ। ਮੇਘ ਰਾਜ ਇੱਕ ਕਵੀਸ਼ਰ ਸੀ। ਇਨ੍ਹਾਂ ਦੋਵਾਂ ਪਰਿਵਾਰਾਂ ਵਲੋਂ 10-10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਸੀ। ਇਸ ਮੰਗ ਨੂੰ ਸਰਕਾਰ ਨੇ ਮੰਨਦਿਆਂ ਹੁਣ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਘਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਅਧਾਰ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਦੋਵਾਂ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਸਮਝੌਤੇ ਅਧੀਨ ਮਾਨਸਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਅੱਜ ਸਵੇਰੇ ਕਿਸਾਨਾਂ ਦੇ ਧਰਨੇ ‘ਚ ਆ ਕੇ ਦਿੱਤੇ। ਬਾਕੀ ਰਕਮ ਭੋਗ ਸਮਾਗਮ ‘ਤੇ ਪਰਿਵਾਰ ਨੂੰ ਦਿੱਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ 24 ਦਿਨਾਂ ਦੀ ਇਸ ਲੰਬੀ ਲੜਾਈ ਤੋਂ ਬਾਅਦ ਇਹ ਮੰਗਾ ਮੰਨੀਆਂ ਗਈਆਂ ਹਨ। ਇਸ ਤੋਂ ਇਲਾਵਾ ਮੌਕੇ ਮੌਜੂਦ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਜੇਕਰ ਪਰਿਵਾਰ ਉੱਪਰ ਕੋਈ ਕਰਜ਼ਾ ਹੈ ਤਾ ਉਸ ਨੂੰ ਵੀ ਮਾਫ ਕੀਤਾ ਜਾਣਾਂ ਚਾਹੀਦਾ ਹੈ।