Shane Watson announce retirement: ਚੇੱਨਈ ਸੁਪਰ ਕਿੰਗਜ਼ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਇੰਡੀਅਨ ਪ੍ਰੀਮੀਅਰ ਲੀਗ 2020 ਦੇ ਪਲੇਆਫ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ ਅਤੇ ਇਹ ਵੀ ਪਹਿਲੀ ਵਾਰ ਹੋਇਆ ਕਿ CSK ਪਲੇਅ ਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ । ਹੁਣ ਜਦੋਂ ਚੇੱਨਈ ਦਾ ਆਈਪੀਐਲ ਦਾ ਇਹ ਸੀਜ਼ਨ ਖ਼ਤਮ ਹੋ ਗਿਆ ਹੈ ਤਾਂ ਫ੍ਰੈਂਚਾਇਜ਼ੀ ਲਈ ਖੇਡਣ ਵਾਲੇ ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਸ਼ੇਨ ਵਾਟਸਨ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ, ਚੇੱਨਈ ਸੁਪਰ ਕਿੰਗਜ਼ ਨੂੰ ਸਾਲ 2018 ਵਿੱਚ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਚੈਂਪੀਅਨ ਬਣਾਉਣ ਵਾਲੇ ਖਿਡਾਰੀ ਸ਼ੇਨ ਵਾਟਸਨ ਨੇ ਸੰਨਿਆਸ ਲੈ ਲਿਆ ਹੈ। ਆਸਟ੍ਰੇਲੀਆ ਦਾ ਇਹ ਦਿਗੱਜ ਖਿਡਾਰੀ ਹੁਣ IPL ਵਿੱਚ ਨਹੀਂ ਖੇਡੇਗਾ। ਦੱਸਿਆ ਜਾ ਰਿਹਾ ਹੈ ਕਿ ਵਾਟਸਨ ਨੇ ਸਾਰੇ ਫਾਰਮੈਟਾਂ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਐਤਵਾਰ ਨੂੰ ਅਬੂ ਧਾਬੀ ਵਿੱਚ ਚੇੱਨਈ ਲਈ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸਲਾਮੀ ਬੱਲੇਬਾਜ਼ ਨੇ ਇਹ ਐਲਾਨ ਸਾਥੀ CSK ਖਿਡਾਰੀਆਂ ਦੇ ਸਾਹਮਣੇ ਕੀਤਾ।
ਇਸ ਖਿਡਾਰੀ ਨੇ 11 ਮੈਚਾਂ ਵਿੱਚ ਸਿਰਫ 29.90 ਦੀ ਔਸਤ ਨਾਲ 299 ਦੌੜਾਂ ਬਣਾਈਆਂ । ਵਾਟਸਨ ਦੇ ਬੱਲੇ ਤੋਂ 2 ਅਰਧ ਸੈਂਕੜੇ ਨਿਕਲੇ ਅਤੇ ਉਸ ਦਾ ਸਟ੍ਰਾਈਕ ਰੇਟ 121.05 ਰਿਹਾ। ਸ਼ੇਨ ਵਾਟਸਨ ਦੇ ਔਸਤ ਪ੍ਰਦਰਸ਼ਨ ਨੂੰ ਚੇੱਨਈ ਸੁਪਰ ਕਿੰਗਜ਼ ਨੇ ਬਹੁਤ ਭਾਰੀ ਪਿਆ ਅਤੇ ਨਤੀਜੇ ਵਜੋਂ ਉਹ ਪਹਿਲੀ ਵਾਰ ਆਈਪੀਐਲ ਦੇ ਪਲੇਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ।
ਮਿਲੀ ਜਾਣਕਾਰੀ ਅਨੁਸਾਰ ਵਾਟਸਨ ਆਪਣੇ ਸਾਥੀ ਖਿਡਾਰੀਆਂ ਨੂੰ ਇਹ ਦੱਸ ਕੇ ਭਾਵੁਕ ਹੋ ਗਏ ਕਿ ਉਹ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਜਾ ਰਹੇ ਹਨ । ਸੂਤਰਾਂ ਅਨੁਸਾਰ “ਆਖਰੀ ਮੈਚ ਤੋਂ ਬਾਅਦ ਜਦੋਂ ਵਾਟਸਨ ਨੇ ਸੀਐਸਕੇ ਦੇ ਡਰੈਸਿੰਗ ਰੂਮ ਵਿੱਚ ਇਹ ਦੱਸਿਆ ਕਿ ਉਹ ਸੰਨਿਆਸ ਲੈ ਲੈਣਗੇ, ਉਸ ਸਮੇਂ ਉਹ ਬਹੁਤ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਇਸ ਫ੍ਰੈਂਚਾਇਜ਼ੀ ਲਈ ਖੇਡਣਾ ਉਨ੍ਹਾਂ ਲਈ ਇੱਕ ਵੱਡਾ ਸਨਮਾਨ ਸੀ।
ਦੱਸ ਦੇਈਏ ਕਿ 2018 ਵਿੱਚ ਚੇੱਨਈ ਨੇ ਜਦੋਂ ਵਾਟਸਨ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ, ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਨ। ਉਨ੍ਹਾਂ ਨੇ ਆਈਪੀਐਲ 2018 ਦੇ ਫਾਈਨਲ ਵਿੱਚ ਇੱਕ ਸੈਂਕੜਾ ਬਣਾਇਆ, ਜਿਸ ਦੀ ਮਦਦ ਨਾਲ ਚੇੱਨਈ ਤੀਜੀ ਵਾਰ ਇਹ ਖਿਤਾਬ ਜਿੱਤਣ ਵਿੱਚ ਕਾਮਯਾਬ ਰਿਹਾ ਸੀ । ਜ਼ਿਕਰਯੋਗ ਹੈ ਕਿ ਚੇੱਨਈ ਤੋਂ ਇਲਾਵਾ ਵਾਟਸਨ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਵੀ ਖੇਡ ਚੁੱਕੇ ਹਨ । ਇਥੋਂ ਤੱਕ ਕਿ 2008 ਵਿੱਚ ਜਦੋਂ ਰਾਜਸਥਾਨ ਰਾਇਲਜ਼ ਨੇ ਪਹਿਲਾ ਆਈਪੀਐਲ ਖਿਤਾਬ ਜਿੱਤਿਆ ਸੀ, ਉਦੋਂ ਉਸ ਵਿੱਚ ਵਾਟਸਨ ਦੀ ਭੂਮਿਕਾ ਬਹੁਤ ਖ਼ਾਸ ਸੀ।