Bhai suthra ji expressing: ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਭਾਈ ਸੁਥਰਾ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰੂ ਜੀ ਦੇ ਸੀਸ ਤੇ ਚੌਰ ਕਰ ਰਹੇ ਸਨ । ਉਥੇ ਹੀ ਦਰਬਾਰ ਵਿੱਚ ਇੱਕ ਸਾਧੂ ਆਪਣੇ ਸਰੀਰ ਤੇ ਭਸਮ /ਰਾਖ ਲਗਾ ਕੇ ਬੈਠਾ ਸੀ। ਉਹ ਸਮਾਧੀ ਲਗਾ ਕੇ ਬੈਠਾ ਅਤੇ ਥੋੜੀ ਥੋੜੀ ਦੇਰ ਬਾਅਦ ਅੱਖ ਖੋਲ ਕੇ ਦੇਖਦਾ ਕਿ ਕੋਈ ਉਹਨੂੰ ਦੇਖ ਰਿਹਾ ਹੈ ਜਾਂ ਨਹੀ । ਕੁੱਝ ਦੇਰ ਇਸ ਤਰਾਂ ਚਲਦਾ ਰਿਹਾ। ਭਾਈ ਸੁਥਰਾ ਜੀ ਦੀ ਨਜ਼ਰ ਉਸ ਸਾਧੂ ਤੇ ਪਈ। ਫਿਰ ਜਦੋਂ ਉਸ ਸਾਧੂ ਨੇ ਅੱਖਾਂ ਖੋਲ ਕੇ ਇਧਰ ਉਧਰ ਦੇਖਿਆ ਤਾਂ ਭਾਈ ਸੁਥਰਾ ਜੀ ਉਸ ਵੱਲ ਦੇਖ ਰਹੇ ਸਨ। ਨਜ਼ਰ ਮਿਲਦੇ ਹੀ ਭਾਈ ਸੁਥਰਾ ਜੀ ਨੇ ਉਸ ਵੱਲ ਉਂਗਲ ਕਰ ਦਿੱਤੀ। ਉਹ ਫਿਰ ਅੱਖਾਂ ਬੰਦ ਕਰਕੇ ਬੈਠ ਗਿਆ। ਕੁੱਝ ਦੇਰ ਬਾਅਦ ਫਿਰ ਉਸੇ ਤਰਾਂ ਅੱਖਾਂ ਖੋਲੀਆਂ ਅਤੇ ਭਾਈ ਸੁਥਰਾ ਜੀ ਨੇ ਫਿਰ ਉਂਗਲ ਕਰ ਦਿੱਤੀ। ਇਸ ਤਰਾਂ ਕਾਫੀ ਵਾਰ ਇਹ ਵਰਤਾਰਾ ਹੋਇਆ। ਅੰਤ ਸਾਧੂ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ ਕਿ ਭਾਈ ਸੁਥਰਾ ਜੀ ਉਸ ਵੱਲ ਵਾਰ ਵਾਰ ਉਂਗਲ ਕਰ ਰਹੇ ਹਨ ।
ਸਾਧੂ ਉੱਠਿਆ ਅਤੇ ਮਹਾਰਾਜ ਜੀ ਅੱਗੇ ਖੜਾ ਹੋ ਕੇ ਕਹਿਣ ਲੱਗਾ ਕੇ ਤੁਹਾਡੇ ਦਰਬਾਰ ਵਿੱਚ ਸਾਧੂਆਂ ਦੀ ਕੋਈ ਇੱਜਤ ਨਹੀਂ ਹੈ। ਤੁਹਾਡਾ ਚੌਰਬਰਦਾਰ ਮੇਰੇ ਵੱਲ ਉਂਗਲ ਕਰ ਰਿਹਾ ਹੈ। ਇਸ ਨੂੰ ਸਾਧੂ ਦੇ ਸਨਮਾਨ ਦੀ ਕੋਈ ਪਰਵਾਹ ਨਹੀਂ ਹੈ। ਮਹਾਰਾਜ ਜੀ ਨੇ ਭਾਈ ਸੁਥਰਾ ਜੀ ਵੱਲ ਦੇਖਿਆ ਅਤੇ ਇਸ ਗੱਲ ਬਾਰੇ ਪੁਛਿਆ ਤਾਂ ਭਾਈ ਸੁਥਰਾ ਜੀ ਮੁਕੱਰ ਗਏ। ਸਾਧੂ ਹੋਰ ਗੁੱਸੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਇਹ ਝੂਠ ਬੋਲਦਾ ਹੈ । ਮਹਾਰਾਜ ਜੀ ਨੇ ਭਾਈ ਸੁਥਰਾ ਜੀ ਨੂੰ ਕਿਹਾ ਭਾਈ ਸੁਥਰਾ ਅਸੀਂ ਤੈਨੂੰ ਜਾਣਦੇ ਹਾਂ ਤੂੰ ਬਹੁਤ ਸ਼ਰਾਰਤੀ ਹੈਂ ਸਾਨੂੰ ਸੱਚ ਦੱਸ । ਭਾਈ ਸੁਥਰਾ ਜੀ ਬੋਲੇ ਮਹਾਰਾਜ ਜੀ ਮੈਂ ਤਾਂ ਸਾਧੂ ਦੇ ਸਰੀਰ ਤੇ ਲੱਗੀ ਭਸਮ ਦੇਖ ਰਿਹਾ ਸੀ ਕਿ ਗਰਮ ਹੈ ਜਾਂ ਠੰਡੀ । ਪਰ ਮਹਾਰਾਜ ਜੀ ਇੱਥੇ ਤਾਂ ਭਾਂਬੜ ਮਚ ਰਿਹਾ ਹੈ । ਭਾਈ ਸੁਥਰਾ ਜੀ ਦੇ ਕਹਿਣ ਦਾ ਭਾਵ ਸੀ ਕਿ ਸਾਧੂ ਪਖੰਡ ਕਰ ਰਿਹਾ ਹੈ।