Sukhbir Badal asks Captain: ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੇਕਰ ਉਹ ਸੱਚ ਮੁੱਚ ਕੇਂਦਰ ਸਰਕਾਰ ਨਾਲ ਮੱਥਾ ਲਾਉਣਾ ਚਾਹੁੰਦੇ ਹਨ ਤਾਂ ਉਹ ਕੇਂਦਰ ਨਾਲ ਰਲ ਕੇ ਇਕ ਘੰਟੇ ਦਾ ਆਰਾਮਦਾਇਕ ਧਰਨਾ ਦੇਣ ਦੀ ਥਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਘਰ ਅੱਗੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨ। ਇਥੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਕਿਸਾਨਾਂ ਦੀ ਕਿਸਾਨਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਅਤੇ ਪੰਜਾਬ ਲਈ ਮਾਲ ਗੱਡੀਆਂ ਮੁੜ ਸ਼ੁਰੂ ਕਰਵਾਉਣ ਦੇ, ਮੁੱਖ ਮੰਤਰੀ ਕੈਮਰਿਆਂ ਅੱਗੇ ਸਿਰਫ ਤਮਾਸ਼ਾ ਕਰ ਰਹੇ ਹਨ। ਉਹਨਾਂ ਕਿਹਾ ਕਿ ਤੁਸੀਂ ਰਾਜਘਾਟ ਤੋਂ ਜਾਅਲੀ ਮਿਸ਼ਨ ਦੀ ਸ਼ੁਰੂਆਤ ਕਰ ਕੇ ਕਿਸੇ ਨੂੰ ਵੀ ਮੂਰਖ ਨਹੀਂ ਬਣਾ ਸਕਦੇ ਕਿਉਂਕਿ ਤੁਸੀਂ ਵਿਧਾਨ ਸਭਾ ਵਿਚ ਖੇਤੀਬਾੜੀ ਵਿਸ਼ੇ ਤਹਿਤ ਜੋ ਕਿ ਰਾਜਾਂ ਦੀ ਸੂਚੀ ਦਾ ਵਿਸ਼ਾ ਹੈ, ਤਹਿਤ ਬਿੱਲ ਪਾਸ ਕਰਨ ਅਤੇ ਸਾਰੇ ਸੂਬੇ ਨੂੰ ਇਕ ਸਰਕਾਰੀ ਮੰਡੀ ਐਲਾਨਣ ਵਿਚ ਫੇਲ੍ਹ ਰਹੇ ਹੋ। ਉਹਨਾਂ ਕਿਹਾ ਕਿ ਛਤੀਸਗੜ੍ਹ ਦੀ ਸਰਕਾਰ ਨੇ ਅਜਿਹਾ ਕੀਤਾ ਹੈ ਤੇ ਉਥੇ ਦੇ ਰਾਜਪਾਲ ਨੇ ਬਿੱਲ ’ਤੇ ਸਹੀ ਵੀ ਪਾ ਦਿੱਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਚਾਰ ਵਿਧਾਇਕ ਇਕ ਘੰਟੇ ਦੇ ਆਰਾਮਦਾਹ ਧਰਨੇ ਜਿਸ ਮਗਰੋਂ ਮਜ਼ੇਦਾਰ ਭੋਜਨ ਦਾ ਨਜ਼ਾਰਾ ਲਿਆ ਗਿਆ, ਵਿਚ ਚਾਰ ਵਿਧਾਇਕ ਲਿਜਾ ਕੇ ਕੋਈ ਵੀ ਜੰਗ ਨਹੀਂ ਲੜੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸੱਚਮੁੱਚ ਹੀ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਗੰਭੀਰ ਹਨ ਤਾਂ ਫਿਰ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕਰਨੀ ਚਾਹੀਦੀ ਹੈ। ਪਰ ਅਜਿਹਾ ਹੋਣ ਵਾਲਾ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕੇਂਦਰ ਨਾਲ ਸੌਦਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸੌਦਾ ਇੰਨਾ ਮਜ਼ਬੂਤ ਹੈ ਜਿਸ ਕਾਰਨ ਉਹਨਾਂ ਨੇ ਕੇਂਦਰ ਦੇ ਕਹਿਣ ’ਤੇ ਆਪਣੇ ਧਰਨੇ ਦੀ ਥਾਂ ਰਾਜਘਾਟ ਤੋਂ ਬਦਲ ਕੇ ਜੰਤਰ ਮੰਤਰ ਕਰ ਲਈ।ਉਹਨਾਂ ਕਿਹਾ ਕਿ ਉਹਨਾਂ ਨੇ ਕੈਮਰੇ ਅੱਗੇ ਖੁਦ ਬੋਲਿਆ ਹੈ ਕਿ ਵੁਹਨਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਾਸਤੇ ਸਮਾਂ ਹੀ ਨਹੀਂ ਮੰਗਿਆ ਤਾਂ ਜੋ ਮਾਲ ਗੱਡੀਆਂ ਬੰਦ ਕਰਨ ਸਮੇਤ ਪੰਜਾਬੀਆਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਪ੍ਰਧਾਨ ਮੰਤਰੀ ਕੋਲ ਚੁੱਕੀਆਂ ਜਾ ਸਕਦੀਆਂ। ਉਹਨਾਂ ਕਿਹਾ ਕਿ ਕੋਈ ਅਜਿਹੇ ਵਿਅਕਤੀ ’ਤੇ ਵਿਸ਼ਵਾਸ ਕਿਵੇਂ ਕਰ ਸਕਦਾ ਹੈ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ’ਤੇ ਕੋਈ ਵਿਸ਼ਵਾਸ ਨਾ ਕਰਨ।
ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦਿੱਲੀ ਵਿਚ ਪੰਜਾਬ ਦੇ ਰਾਜਪਾਲ ਦੀ ਭੂਮਿਕਾ ’ਤੇ ਸਵਾਲ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਚੰਡੀਗੜ੍ਹ ਵਿਚ ਰਾਜਪਾਲ ਨਾਲ ਮੁਲਾਕਾਤ ਕਰ ਕੇ ਪੁੱਛਣਾ ਚਾਹੀਦਾ ਸੀ ਕਿ ਹਾਲ ਹੀ ਵਿਚ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਉਹ ਅੱਗੇ ਰਾਸ਼ਟਰਪਤੀ ਕੋਲ ਕਿਉਂ ਨਹੀਂ ਭੇਜ ਅਤੇ ਇਸ ਮਗਰੋਂ ਹੀ ਉਹਨਾਂ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਸਮਾਂ ਮੰਗਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਦੇ ਹੋਏ ਕਿ ਬਿੱਲ ਚੰਡੀਗੜ੍ਹ ਵਿਚ ਪਏ ਹਨ, ਰਾਸ਼ਟਰਪਤੀ ਤੋਂ ਸਮਾਂ ਮੰਗ ਕੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨ ਜਥੇਬੰਦੀਆਂ ਦੇ ਕੱਲ੍ਹ ਦੇ ਚੱਕਾ ਜਾਮ ਪ੍ਰੋਗਰਾਮ ਦੀ ਹਮਾਇਤ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਚੱਕਾ ਜਾਮ ਪ੍ਰੋਗਰਾਮ ਦੌਰਾਨ ਕਿਸਾਨਾਂ ਦੇ ਨਾਲ ਰਲ ਕੇ ਚੱਕਾ ਜਾਮ ਕਰਨਗੇ ਤੇ ਦਿਲੋਂ ਇਸ ਮੁਹਿੰਮ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਪਹਿਲਕਦਮੀਆਂ ਦੀ ਹਮਾਇਤ ਕਰੇਗਾ ਤਾਂ ਜੋ ਸੂਬੇ ਦੇ ਕਿਸਾਨਾਂ ਦੇ ਹੱਕ ਹਾਸਲ ਕੀਤੇ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।