Happy Birthday Virat Kohli: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿਛਲੇ ਕੁਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਿਰਾਟ ਕੋਹਲੀ ਰਿਟਾਇਰਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕਰ ਜਾਣਗੇ। ਵਿਰਾਟ ਕੋਹਲੀ ਨੇ ਹੁਣ ਤੱਕ ਟੀਮ ਇੰਡੀਆ ਲਈ 86 ਟੈਸਟ, 248 ਵਨਡੇ ਅਤੇ 82 T20 ਮੈਚ ਖੇਡੇ ਹਨ । ਵਿਰਾਟ ਕੋਹਲੀ ਦਾ ਤਿੰਨੋਂ ਫਾਰਮੈਟਾਂ ਵਿੱਚ ਕੋਈ ਮੇਲ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦਾ ਟੈਸਟ, ਵਨਡੇ ਅਤੇ ਟੀ-20 ਵਿੱਚ ਬੱਲੇਬਾਜ਼ੀ ਔਸਤਨ 50 ਤੋਂ ਵੱਧ ਦੀ ਹੈ।
ਟੈਸਟ ਰਿਕਾਰਡ ‘ਤੇ ਨਜ਼ਰ
ਵਿਰਾਟ ਕੋਹਲੀ ਟੈਸਟ ਰੈਂਕਿੰਗ ਵਿੱਚ ਇੱਕ ਵਾਰ 937 ਅੰਕ ‘ਤੇ ਪਹੁੰਚਣ ਵਿੱਚ ਕਾਮਯਾਬ ਰਹੇ ਹਨ । ਕੋਹਲੀ ਤੋਂ ਇਲਾਵਾ ਕਿਸੇ ਵੀ ਭਾਰਤੀ ਖਿਡਾਰੀ ਨੇ ਟੈਸਟ ਰੈਂਕਿੰਗ ਵਿੱਚ ਇੰਨੇ ਅੰਕ ਹਾਸਿਲ ਨਹੀਂ ਕਰ ਸਕੇ। ਵਿਰਾਟ ਕੋਹਲੀ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਲਗਾਤਾਰ ਚਾਰ ਸੀਰੀਜ਼ ਵਿੱਚ ਦੋਹਰਾ ਸੈਂਕੜਾ ਬਣਾਇਆ ਹੈ । ਡੌਨ ਬ੍ਰੈਡਮੈਨ ਅਤੇ ਰਾਹੁਲ ਦ੍ਰਾਵਿੜ ਨੇ ਤਿੰਨ ਸੀਰੀਜ਼ ਵਿੱਚ ਲਗਾਤਾਰ ਤਿੰਨ ਦੋਹਰੇ ਸੈਂਕੜੇ ਲਗਾਏ ਹਨ । ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ 6 ਦੋਹਰੇ ਸੈਂਕੜੇ ਲਗਾਉਣ ਵਾਲੇ ਇਕੱਲੇ ਬੱਲੇਬਾਜ਼ ਹਨ । ਕੋਹਲੀ ਸਭ ਤੋਂ ਘੱਟ ਮੈਚਾਂ ਵਿੱਚ 25 ਸੈਂਕੜੇ ਲਗਾਉਣ ਵਾਲੇ ਇੱਕਲੌਤੇ ਭਾਰਤੀ ਖਿਡਾਰੀ ਹਨ। ਕੋਹਲੀ ਦੇ ਨਾਮ ਇੱਕ ਭਾਰਤੀ ਖਿਡਾਰੀ ਦੇ ਤੌਰ ‘ਤੇ ਸਭ ਤੋਂ ਵੱਧ 7 ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ।
ਅਦਭੁੱਤ ਹੈ ਵਨਡੇ ਰਿਕਾਰਡ
ਵਿਰਾਟ ਕੋਹਲੀ ਇੱਕਲੌਤੇ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਈਸੀਸੀ ਰੈਂਕਿੰਗ ਵਿੱਚ 911 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਦੇ ਨਾਂ ਵਨਡੇ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 8,000 (175 ਪਾਰੀਆਂ), 9000 (194 ਪਾਰੀ), 10,000 (205 ਪਾਰੀਆਂ) ਅਤੇ 11,000 (222 ਪਾਰੀਆਂ) ਦਾ ਰਿਕਾਰਡ ਦਰਜ ਹੈ। ਵਨਡੇ ਕ੍ਰਿਕਟ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ 23 ਸੈਂਕੜੇ ਲਗਾਏ ਹਨ।
ਦੱਸ ਦੇਈਏ ਕਿ ਵਿਰਾਟ ਕੋਹਲੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਹਨ। ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਖਿਲਾਫ ਸਿਰਫ 52 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸਨ । ਟੀ-20 ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ 897 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਆਈਪੀਐਲ ਦੀਆਂ 183 ਪਾਰੀਆਂ ਵਿੱਚ 5872 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।