Amarinder playing double games : ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਯਾਤਰੀਆਂ ਅਤੇ ਮਾਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਮਾਮਲੇ ਵਿਚ ਡਬਲ ਗੇਮ ਖੇਡਣ ਕਾਰਨ ਰੇਲਵੇ ਮੰਤਰਾਲੇ ਵੱਲੋਂ ਸੂਬੇ ਵਿਚ ਰੇਲਵੇ ਟਰੈਕਾਂ ਨੂੰ ਸਾਫ ਕਰਨ ਦੀ ਬੇਨਤੀ ਦਾ ਹਾਂ-ਪੱਖੀ ਹੁੰਗਾਰਾ ਨਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਿੱਖੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੂੰ ਪੰਜਾਬ ਵਿਚ ਰੇਲਵੇ ਰੁਕਾਵਟ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਚੁੱਘ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਮ ‘ਤੇ ਪੰਜਾਬ ਵਿਚ ਗੰਦੀ ਰਾਜਨੀਤੀ ਖੇਡ ਰਹੀ ਹੈ। ਉਹ ਹੈਰਾਨ ਹਨ ਕਿ ਸੂਬਾ ਸਰਕਾਰ ਰੇਲਵੇ ਮੰਤਰਾਲੇ ਨੂੰ ਭਰੋਸਾ ਦੇਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਨਾਉਣ ਵਿਚ ਅਸਫਲ ਕਿਉਂ ਰਹੀ।
ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਮੁਸਾਫਰਾਂ ਅਤੇ ਮਾਲ ਗੱਡੀਆਂ ਨੂੰ ਮੁੜ ਚਲਾਉਣ ਵਿੱਚ ਦਿਲੋਂ ਮਦਦ ਕਰਨ ਤਾਂ ਜੋ ਰਾਜ ਦੀ ਆਰਥਿਕਤਾ ਨੂੰ ਨੁਕਸਾਨ ਨਾ ਹੋਵੇ ਅਤੇ ਤਿਉਹਾਰਾਂ ਦੇ ਮੌਸਮ ਵਿੱਚ ਲੋਕ ਆਵਾਜਾਈ ਕਰ ਸਕਣ। ਉਨ੍ਹਾਂ ਕਿਹਾ, “ਰੇਲਵੇ ਟਰੈਕਾਂ ‘ਤੇ ਸ਼ਾਂਤੀ ਬਣਾਉਣਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ। ਚੁੱਘ ਨੇ ਰੇਲਵੇ ਬੋਰਡ ਦੇ ਚੇਅਰਮੈਨ ਆਰ ਕੇ ਯਾਦਵ ਦੇ ਅੱਜ ਉਸ ਬਿਆਨ ਦਾ ਸਵਾਗਤ ਕੀਤਾ ਕਿ ਜਦੋਂ ਤੱਕ ਰਾਜ ਸਰਕਾਰ ਵੱਲੋਂ ਰੇਲਵੇ ਲਾਈਨਾਂ ‘ਤੇ ਮੁਕੰਮਲ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਰੇਲ ਗੱਡੀਆਂ ਚਲਾਉਣਾ ਦੁਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਦਾ।
ਦੱਸਣਯੋਗ ਹੈ ਕਿ ਰੇਲਵੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਰੇਲ ਚਲਾਉਣ ਲਈ ਸੂਬੇ ਦੇ ਸਾਰੇ ਟਰੈਕ ਖਾਲੀ ਹੋਣੇ ਜ਼ਰੂਰੀ ਹਨ ਕਿਉਂਕਿ 22 ਤੋਂ 24 ਅਕਤੂਬਰ ‘ਚ ਮਾਲਗੱਡੀਆਂ ਚਲਾਈਆਂ ਗਈਆਂ ਸਨ ਪਰ ਰੇਲ ਟਰੈਕ ‘ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਾਰਨ ਕੁਝ ਥਾਵਾਂ ‘ਤੇ ਹਾਦਸੇ ਹੁੰਦੇ-ਹੁੰਦੇ ਬਚੇ। ਸਾਡੇ ਲਈ ਆਮ ਲੋਕਾਂ ਦੀ ਸੁਰੱਖਿਆ ਵੱਡਾ ਮੁੱਦਾ ਹੈ। ਅਜੇ ਵੀ ਸੂਬੇ ਦੇ 1 ਰੇਲਵੇ ਸਟੇਸ਼ਨ ਦੇ ਅੰਦਰ ਅਤੇ 22 ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਜਦੋਂ ਤੱਕ ਇਹ ਖਾਲੀ ਨਹੀਂ ਕਰਵਾਏ ਜਾਂਦੇ ਉਦੋਂ ਤੇਕ ਰੇਲਾਂ ਚਲਾਉਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਸੂਬੇ ਦੇ ਸਾਰੇ ਰੇਲ ਟਰੈਕ ਖਾਲੀ ਕਰਵਾਏ ਉਸ ਤੋਂ ਬਾਅਦ ਹੀ ਅੱਗੇ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਰੇਲ, ਰੇਲ ਟਰੈਕਸ ਤੇ ਉਸ ਦੇ ਸਟਾਫ ਦੀ ਸੁਰੱਖਿਆ ਇੱਕ ਵੱਡਾ ਮਾਮਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ‘ਚ ਸਿਰਫ ਮਾਲਗੱਡੀਆਂ ਨੂੰ ਚਲਾਏ ਜਾਣ ਦੀ ਇਜਾਜ਼ਤ ਕਿਉਂ ਮੰਗੀ ਜਾ ਰਹੀ ਹੈ। ਯਾਤਰੀ ਤੇ ਮਾਲਗੱਡੀਆਂ ਦੋਵੇਂ ਹੀ ਚੱਲਣਗੀਆਂ।