Mp Administration Bulldozed Computer Baba: ਇੰਦੌਰ: ਮੱਧ ਪ੍ਰਦੇਸ਼ ਵਿੱਚ ਕਦੇ ਕੈਬਨਿਟ ਮੰਤਰੀ ਦਾ ਅਹੁਦਾ ਹਾਸਿਲ ਕਰਨ ਵਾਲੇ ਅਤੇ ਕਾਂਗਰਸ ਪਾਰਟੀ ਦੇ ਕਰੀਬੀ ਰਹੇ ਕੰਪਿਊਟਰ ਬਾਬਾ ਮੁਸੀਬਤ ਵਿੱਚ ਘਿਰ ਗਏ ਹਨ। ਇੰਦੌਰ ਵਿੱਚ ਪ੍ਰਿਵੈਂਟੀਵ ਡਿਟੈਂਸ਼ਨ ਤਹਿਤ ਕੰਪਿਊਟਰ ਬਾਬਾ ਉਰਫ ਨਾਮਦੇਵ ਦਾਸ ਤਿਆਗੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ । ਪ੍ਰਸ਼ਾਸਨ ਦੀ ਇਸ ਕਾਰਵਾਈ ਤਹਿਤ ਕੰਪਿਊਟਰ ਬਾਬਾ ਸਮੇਤ 7 ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇੰਦੌਰ ਸਥਿਤ ਉਨ੍ਹਾਂ ਦੇ ਆਸ਼ਰਮ ਨੂੰ ਤੋੜਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਕੰਪਿਊਟਰ ਬਾਬਾ ਖਿਲਾਫ ਕੀਤੀ ਇਸ ਕਾਰਵਾਈ ਦਾ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੈ ਸਿੰਘ ਨੇ ਵਿਰੋਧ ਕੀਤਾ ਹੈ ।
ਇਸ ਮਾਮਲੇ ਬਾਰੇ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਇੰਦੌਰ ਵਿੱਚ ਬਦਲੇ ਦੀ ਭਾਵਨਾ ਨਾਲ ਕੰਪਿਊਟਰ ਬਾਬਾ ਦਾ ਆਸ਼ਰਮ ਅਤੇ ਮੰਦਰ ਬਿਨ੍ਹਾਂ ਕਿਸੇ ਨੋਟਿਸ ਦਿੱਤੇ ਤੋੜਿਆ ਜਾ ਰਿਹਾ ਹੈ। ਇਹ ਸਿਆਸੀ ਬਦਲਾਖੋਰੀ ਦਾ ਸਿਖਰ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 28 ਸੀਟਾਂ ਲਈ ਉਪ ਚੋਣਾਂ ਵਿੱਚ ਕੰਪਿਊਟਰ ਬਾਬਾ ਨੂੰ ਕਾਂਗਰਸ ਪਾਰਟੀ ਨੇ ਸਟਾਰ ਪ੍ਰਚਾਰਕ ਦਾ ਦਰਜਾ ਦਿੱਤਾ ਸੀ । ਇਸ ਦੇ ਤਹਿਤ ਨਾਮਦੇਵ ਦਾਸ ਤਿਆਗੀ ਨੇ ਵੱਖ-ਵੱਖ ਵਿਧਾਨ ਸਭਾ ਸੀਟਾਂ ‘ਤੇ ਜੋਤੀਰਾਦਿੱਤਿਆ ਸਿੰਧੀਆ ਖਿਲਾਫ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਵੋਟਾਂ ਮੰਗੀਆਂ ਸਨ। ਕਾਂਗਰਸ ਪਾਰਟੀ ਦੇ ਕਰੀਬੀ ਰਹੇ ਕੰਪਿਊਟਰ ਬਾਬਾ ਆਪਣੇ ਬਿਆਨਾਂ ਕਾਰਨ ਅਕਸਰ ਚਰਚਾ ਵਿੱਚ ਰਹਿੰਦੇ ਹਨ। ਰਾਜ ਵਿੱਚ 15 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਈ ਕਾਂਗਰਸ ਸਰਕਾਰ ਤੋਂ ਸਿੰਧੀਆ ਪੱਖੀ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਵੀ ਕੰਪਿਊਟਰ ਬਾਬਾ ਦੇ ਬਿਆਨ ਸੁਰਖੀਆਂ ਵਿੱਚ ਆਏ ਸਨ ।