PSEB reduced the syllabus : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਲਈ ਨੌਵੀਂ ਤੋਂ 12ਵੀਂ ਜਮਾਤਾਂ ਲਈ ਵਿਸ਼ਿਆਂ ਦੇ ਸਿਲੇਬਸ ਨੂੰ 30 ਫੀਸਦੀ ਘਟਾ ਦਿੱਤਾ ਹੈ। ਹਾਲਾਂਕਿ ਇਸ ਵਿੱਚ ਪੰਜਾਬ ਤੇ ਇਤਿਹਾਸ ਵਿਸ਼ੇ ਸ਼ਾਮਲ ਨਹੀਂ ਹੋਣਗੇ, ਇਨ੍ਹਾਂ ਦਾ ਸਿਲੇਬਸ ਪੂਰਾ ਹੀ ਰਹੇਗਾ, ਜਦਕਿ ਬਾਕੀ ਸਾਰੇ ਵਿਸ਼ਿਆਂ ਵਿੱਚ ਸਿਲੇਬਸ 30 ਫੀਸਦੀ ਘਟਾਇਆ ਗਿਆ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਪਾਠਕ੍ਰਮ ਵਿੱਚੋਂ ਕੱਟੇ ਗਏ ਸਿਲੇਬਸ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਭਾਵੇਂ ਸਿੱਖਿਆ ਵਿਭਾਗ ਨੇ ਇਸ ਸਿਲੇਬਸ ਨੂੰ ਸਾਲਾਨਾ ਬੋਰਡ ਪੇਪਰਾਂ ਤੋਂ ਬਾਹਰ ਕਰ ਦਿੱਤਾ ਹੈ ਫਿਰ ਵੀ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਿਲਬਸ ਤੋਂ ਬਾਹਰ ਕੱਢੇ ਟੌਪਿਕਸ ਨੂੰ ਵੀ ਵਿਦਿਆਰਥੀਆਂ ਨੂੰ ਜ਼ਰੂਰ ਪੜ੍ਹਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ। ਸਿੱਖਿਆ ਵਿਭਾਗ ਨੇ ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਅਕਤੂਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਸਨ ਜਿਥੇ ਉਹ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਹੀ ਸਕੂਲ ਜਾ ਸਕਦੇ ਹਨ। ਹਾਲਾਂਕਿ ਸਕੂਲਾਂ ਵਿੱਚ ਹਾਜ਼ਰੀ ਲਾਜ਼ਮੀ ਨਹੀਂ ਰੱਖੀ ਗਈ ਹੈ। ਪਰ ਇਸ ਦੇ ਬਾਵਜੂਦ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ ਵੀ ਸਕੂਲ ਵਿੱਚ ਕਾਫੀ ਘੱਟ ਰਹੀ। ਇਸ ‘ਤੇ ਸਿੱਖਿਆ ਮੰਤਰੀ ਨੇ ਵੀ ਸਪੱਸ਼ਟ ਕੀਤਾ ਕਿ 9ਵੀਂ ਤੋਂ 12ਵੀਂ ਤੱਕ ਦੇ ਵਿਦਾਰਥੀਆਂ ਨੂੰ ਕਰੀਅਰ ਕਲਾਸਿਜ਼ ਜਾਂ ਡਾਊਟਸ ਦੇ ਚੱਲਦਿਆਂ ਹੀ ਸਕੂਲਾਂ ਵਿੱਚ ਮਾਪਿਆਂ ਦੀ ਮਨਜ਼ੂਰੀ ਨਾਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਉਸ ਵਿੱਚ ਵੀ ਬੱਚਿਆਂ ਦੀ ਕਾਫੀ ਘੱਟ ਗਿਣਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਮੀਡੀਅਮ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਚੱਲਦਿਆਂ ਸਿੱਖਿਆ ਵਿਭਾਗ ਨੇ ਅਜੇ ਨਰਸਰੀ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਲਿਆ।