Juvenile kills watchman : ਥਾਣਾ ਸ਼ੰਭੂ ਇਲਾਕੇ ‘ਚ ਆਉਂਦੇ ਪਿੰਡ ਮਨਦਪੁਰ ‘ਚ 17 ਸਾਲਾ ਨਾਬਾਲਗ ਨੇ ਮੋਬਾਈਲ ਫੋਨ ਦੇ ਲਾਲਚ ‘ਚ ਚੌਕੀਦਾਰ ਦਾ ਕਤਲ ਕਰ ਦਿੱਤਾ। ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਚੌਕੀਦਾਰ ਕੋਲ ਮੋਬਾਈਲ ਫੋਨ ਸੀ ਜੋ ਦੋਸ਼ੀ ਨਾਬਾਲਿਗਾ ਨੂੰ ਚਾਹੀਦਾ ਸੀ, ਇਸ ਲਈ ਉਸ ਨੇ ਚੌਕੀਦਾਰ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਨਿਵਾਸੀ 35 ਸਾਲ ਦੇ ਰਣਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮ ਨੇ ਪੈਲੇਸ ਦੇ ਮਾਲਕ ਸਤਵਿੰਦਰ ਸਿੰਘ ਵੱਲੋਂ ਲਿਖਤ ਸ਼ਿਕਾਇਤ ਤੋਂ ਬਾਅਦ ਦੋਸ਼ੀ ਨਾਬਾਲਿਗ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਤੇ ਮ੍ਰਿਤਕ ਇੱਕਠੇ ਬੈਠ ਕੇ ਸ਼ਰਾਬ ਪੀਂਦੇ ਸਨ। ਮ੍ਰਿਤਕ ਪੈਲੇਸ ਦਾ ਚੌਕੀਦਾਰ ਸੀ। ਚੌਕੀਦਾਰ ਦੇ ਮੋਬਾਈਲ ਫੋਨ ‘ਤੇ ਨਾਬਾਲਗ ਦੀ ਪਹਿਲਾਂ ਤੋਂ ਹੀ ਨਜ਼ਰ ਸੀ। 8 ਨਵੰਬਰ ਦੀ ਰਾਤ ਸ਼ਰਾਬ ਪੀਣ ਦੌਰਾਨ ਮੋਬਾਈਲ ਲਈ ਹੀ ਨਾਬਾਲਗ ਨੇ ਤੇਜ਼ਧਾਰ ਹਥਿਆਰ ਨਾਲ ਚੌਕੀਦਾਰ ਦੀ ਹੱਤਿਆ ਕਰ ਦਿੱਤੀ। ਸ਼ੰਭੂ ਥਾਣਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ 8 ਨਵੰਬਰ ਦੀ ਰਾਤ ਚੌਕੀਦਾਰ ਦੀ ਹੱਤਿਆ ਕੀਤੀ ਗਈ ਅਤੇ 9 ਨਵੰਬਰ ਨੂੰ ਪੈਲੇਸ ਦੇ ਮਾਲਕ ਸਤਵਿੰਦਰ ਸਿੰਘ ਨੇ ਚੌਕੀਦਾਰ ਦਾ ਖੂਨ ਨਾਲ ਲੱਥਪੱਥ ਸਰੀਰ ਦੇਖਿਆ। ਉਸ ਨੇ ਹੀ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਕਰਦੇ ਹੋਏ ਦੋਸ਼ੀ ਨਾਬਾਲਗ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ।
ਥਾਣਾ ਸ਼ੰਭੂ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਲੋਕ ਦੇਰ ਰਾਤ ਪੁੱਜੇ ਸਨ ਜਿਸ ਕਾਰਨ ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੈਲੇਸ ਦੇ ਸੀ. ਸੀ. ਟੀ. ਵੀ. ਫੁਟੇਜ ਨਾਲ ਹੀ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। CCTV ਫੁਟੇਜ ਤੋਂ ਹੀ ਪਤਾ ਲੱਗਾ ਕਿ ਨਾਬਾਲਗ ਦੋਸ਼ੀ ਤੇ ਰਣਬੀਰ ਸਿੰਘ ਇੱਕੇ ਪੈਲੇਸ ‘ਚ ਬੈਠੇ ਜਿਸ ਤੋਂ ਬਾਅਦ ਇਹ ਦੋਵੇਂ ਇੱਕ ਕਮਰੇ ‘ਚ ਚਲੇ ਜਾਂਦੇ ਹਨ। ਉਥੋਂ ਦੋਸ਼ੀ ਬਾਹਰ ਨਿਕਲਦਾ ਹੈ ਤੇ ਕੁਝ ਦੇਰ ਬਾਅਦ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਫਰਾਰ ਹੋ ਜਾਂਦਾ ਹੈ।