Trp rigging scam: ਮੁੰਬਈ: ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇੱਥੇ ਦੀ ਇੱਕ ਅਦਾਲਤ ਵਿੱਚ ਕਥਿਤ ਟੀਆਰਪੀ ( TRP ) ਘੁਟਾਲੇ ਵਿੱਚ ਦੋਸ਼ ਪੱਤਰ ਦਾਖਲ ਕੀਤਾ ਹੈ। ਪੁਲਿਸ ਦੀ ਕਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਕਥਿਤ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀਆਰਪੀ) ਘੁਟਾਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਮੈਜਿਸਟਰੇਟ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਪਰਾਧ ਸ਼ਾਖਾ ਨੇ ਹੁਣ ਤੱਕ ਰੀਪਬਲਿਕ ਟੀਵੀ ਦੇ ਡਿਸਟ੍ਰੀਬਿਉਸ਼ਨ ਹੈੱਡ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਰਜ਼ੀ ਟੀਆਰਪੀ ਘੁਟਾਲਾ ਪਿੱਛਲੇ ਮਹੀਨੇ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਰੇਟਿੰਗ ਏਜੰਸੀ ‘ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ’ (ਬੀਏਆਰਸੀ) ਨੇ ‘ਹੰਸਾ ਰਿਸਰਚ ਗਰੁੱਪ’ ਰਾਹੀਂ ਸ਼ਿਕਾਇਤ ਦਰਜ ਕਰਾਈ ਸੀ ਕਿ ਕੁੱਝ ਟੈਲੀਵੀਜ਼ਨ ਚੈਨਲਾਂ ਨੇ ਟੀਆਰਪੀ ਦੇ ਅੰਕੜਿਆਂ ਨਾਲ ਹੇਰਾਫੇਰੀ ਕੀਤੀ ਹੈ।
ਹੰਸਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ‘ਦਰਸ਼ਕਾਂ ਦੇ ਅੰਕੜੇ’ (ਕਿੰਨੇ ਦਰਸ਼ਕ ਕਿਹੜਾ ਚੈਨਲ ਦੇਖ ਰਹੇ ਹਨ ਅਤੇ ਕਿੰਨੇ ਸਮੇਂ ਲਈ) ਨੂੰ ਰਿਕਾਰਡ ਕਰਨ ਲਈ ਇੱਕ ਮਾਪਣ ਵਾਲੇ ਉਪਕਰਣ ਦੀ ਸਥਾਪਨਾ ਕਰਨ। ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਪਿੱਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਰੀਪਬਲਿਕ ਟੀਵੀ ਅਤੇ ਦੋ ਮਰਾਠੀ ਚੈਨਲ ਬਾਕਸ ਸਿਨੇਮਾ ਅਤੇ ਫਖੱਟ ਮਰਾਠੀ ਟੀਆਰਪੀ ਨਾਲ ਛੇੜਛਾੜ ਕਰਨ ਵਿੱਚ ਸ਼ਾਮਿਲ ਹਨ। ਹਾਲਾਂਕਿ, ਰੀਪਬਲਿਕ ਟੀਵੀ ਅਤੇ ਹੋਰ ਦੋਸ਼ੀਆਂ ਨੇ ਟੀਆਰਪੀ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਗਲਤੀਆਂ ਅਤੇ ਛੇੜਛਾੜ ਤੋਂ ਇਨਕਾਰ ਕੀਤਾ ਹੈ।