Farmers protest kisan says: ਦੇਸ਼ ਦੀ ਰਾਜਧਾਨੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਜਾਂ ਰਹੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਅੰਬਾਲਾ ਦੇ ਕੋਲ ਰੋਕ ਦਿੱਤਾ ਹੈ। ਇਸ ਕਾਰਨ ਭਾਜਪਾ ਸ਼ਾਸਤ ਹਰਿਆਣਾ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋ ਗਿਆ। ਅੰਬਾਲਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਇਸ ਦੌਰਾਨ ਇੱਟ ਅਤੇ ਪੱਥਰ ਵੀ ਚੱਲੇ ਹਨ। ਕਿਸਾਨਾਂ ਨੂੰ ਰੋਕਣ ਲਈ ਸੜਕਾਂ ਅਤੇ ਪੁਲਾਂ ‘ਤੇ ਬੈਰੀਕੇਡ ਲਗਾਏ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਤੋੜ ਕੇ ਦਰਿਆ ‘ਚ ਸੁੱਟ ਦਿੱਤਾ। ਕਿਸਾਨਾਂ ਨੂੰ ਅੱਗੇ ਵਧਦੇ ਵੇਖ ਕੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਠੰਡੇ-ਠਾਰ ਪਾਣੀ ਦੀ ਵਰਖਾ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ।
ਖੇਤੀਬਾੜੀ ਕਨੂੰਨ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਹਮਲਾਵਰ ਹੋ ਰਹੇ ਹਨ। ਜਗ੍ਹਾ-ਜਗ੍ਹਾ ‘ਤੇ ਤੈਨਾਤ ਪੁਲਿਸ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ‘ਤੇ ਵਾਟਰ ਕੈਨਨ ਛੱਡਣ ‘ਤੇ ਇੱਕ ਕਿਸਾਨ ਨੇ ਕਿਹਾ ਕਿ ਉਹ ਖੇਤਾਂ ਵਿੱਚ ਪਾਣੀ ਲਾਉਂਦੇ ਹਨ, ਇਸ ਲਈ ਉਹ ਪਾਣੀ ਤੋਂ ਨਹੀਂ ਡਰਦੇ। ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਕਿਹਾ ਕਿ ਉਹ ਝੋਨਾ ਲਗਾਉਣ ਸਮੇ ਖੇਤਾਂ ‘ਚ ਪਾਣੀ ਲਗਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਪਾਣੀ ਦਾ ਕੋਈ ਡਰ ਨਹੀਂ ਹੈ, ਪਾਣੀ ਨਾਲ ਕੁੱਝ ਵੀ ਨਹੀਂ ਹੁੰਦਾ। ਕਿਸਾਨ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਘਰ ਤੋਂ ਨਿਕਲੇ ਹਨ ਅਤੇ ਉਹ ਕਿਸੇ ਵੀ ਕੀਮਤ ‘ਤੇ ਦਿੱਲੀ ਜਾਂ ਕੇ ਰਹਿਣਗੇ। ਕਿਸਾਨ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਘਰੋਂ ਤੁਰੇ ਹਨ, ਇਸ ਲਈ ਕਿਸੇ ਵੀ ਕੀਮਤ ‘ਤੇ ਉਹ ਰੁਕਣਗੇ ਨਹੀਂ। ਕਿਸਾਨ ਨੇ ਕਿਹਾ ਕਿ ਪੁਲਿਸ ਅਤੇ ਪੁਲਿਸ ਦਾ ਕੋਈ ਵੀ ਬੈਰੀਕੇਡ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ।