Dilli Chalo Movement: ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਪ੍ਰਦਰਸ਼ਨ ਲਈ ਰਾਸ਼ਨ-ਪਾਣੀ ਨਾਲ ਦਿੱਲੀ ਦੀ ਯਾਤਰਾ ਕਰ ਰਹੇ ਕਿਸਾਨਾਂ ਦਾ ਅੰਦੋਲਨ ਹੁਣ ਆਰ-ਪਾਰ ਦੀ ਲੜਾਈ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ । ਅੰਬਾਲਾ-ਪਟਿਆਲਾ ਸਰਹੱਦ ਨੇੜੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਕਿਸਾਨ ਸ਼ੰਭੂ ਬਾਰਡਰ ‘ਤੇ ਫਸੇ ਹੋਏ ਹਨ । ਉੱਥੇ ਹੀ ਕਰਨਾਲ ਵਿੱਚ ਕਰਨ ਝੀਲ ਦੇ ਨਜ਼ਦੀਕ ਇਕੱਠੇ ਹੋਏ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ‘ਤੇ ਉਹ ਸੜਕ ‘ਤੇ ਰੋਟੀ ਖਾਂਦੇ ਦਿਖਾਈ ਦਿੱਤੇ।
ਪੁਲਿਸ ਨੇ ਵੀਰਵਾਰ ਨੂੰ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੌਛਾਰਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਸ਼ੰਭੂ ਬਾਰਡਰ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿੱਥੇ ਗੁੱਸੇ ਵਿਚ ਆਏ ਕਿਸਾਨਾਂ ਨੇ ਪੁਲਿਸ ਬੈਰੀਕੇਡਾਂਨੂੰ ਚੁੱਕ ਕੇ ਘੱਗਰ ਨਦੀ ਵਿੱਚ ਸੁੱਟ ਦਿੱਤਾ ਤੇ ਪੁਲਿਸ ਮੁਲਾਜ਼ਮਾਂ ‘ਤੇ ਵੀ ਪੱਥਰਬਾਜ਼ੀ ਕੀਤੀ ਗਈ । ਇਸ ਦੌਰਾਨ ਬਹੁਤ ਸਾਰੇ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਫੜੇ ਵੀ ਵੇਖੇ ਗਏ । ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ।
ਇਸ ਦੇ ਨਾਲ ਹੀ ਕਿਸਾਨਾਂ ਦੇ ‘ਦਿੱਲੀ ਚੱਲੋ’ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਕ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਵੀ ਦਿੱਲੀ ਅਤੇ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤੇ ਗਏ ਹਨ ਅਤੇ ਸਾਵਧਾਨੀ ਵਜੋਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਮੈਟਰੋ ਸੇਵਾ ਬੰਦ ਕਰ ਦਿੱਤੀ ਗਈ ਹੈ । ਸਰਹੱਦ ਤੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਅੱਜ ਦਿੱਲੀ ਵਿੱਚ ਵਿਸ਼ਾਲ ਪ੍ਰਦਰਸ਼ਨ ਕਰਨਗੇ । ਇਸ ਦੇ ਨਾਲ ਹੀ ਪੁਲਿਸ ਵਿਰੋਧ ਕਰ ਰਹੇ ਇਨ੍ਹਾਂ ਕਿਸਾਨਾਂ ‘ਤੇ ਨਜ਼ਰ ਰੱਖਣ ਲਈ ਡਰੋਨਾਂ ਦਾ ਸਹਾਰਾ ਲੈ ਰਹੀ ਹੈ।
ਇਹ ਵੀ ਦੇਖੋ: ਡੱਬਵਾਲੀ ਬਾਰਡਰ ਤੋਂ ਦੇਖੋ ਕਿਵੇਂ ਨੇ ਹਾਲਾਤ, ਕਿਵੇਂ ਸੁਰੱਖਿਆ ਬਲ ਰੋਕ ਰਹੇ ਨੇ ਕਿਸਾਨਾਂ ਨੂੰ…