Fine on not wearing mask : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ ਮੁੜ ਸਖਤੀ ਕੀਤੀ ਜਾ ਰਹੀ ਹੈ। ਹੁਣ ਚੰਡੀਗੜ੍ਹ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਭਰਨਾ ਪਏਗਾ। ਇਹ ਫੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ। ਫਿਲਹਾਲ ਚੰਡੀਗੜ੍ਹ ਵਿੱਚ ਨਾਈਟ ਕਰਫਿਊ ਨਹੀਂ ਲਗਾਇਆ ਜਾਵੇਗਾ।
ਪ੍ਰਸ਼ਾਸਕ ਵੀਪੀ ਬਦਨੌਰ ਦੀ ਪ੍ਰਧਾਨਗੀ ਵਾਲੀ ਵਾਰ ਰੂਮ ਵਿੱਚ ਹੋਈ ਬੈਠਕ ਵਿੱਚ ਅਧਿਕਾਰੀਆਂ ਨੂੰ ਮਾਸਕ ਪਹਿਨਣ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਸੈਕਟਰ-26, ਮੰਡੀ ਸੈਕਟਰ-17, ਆਈਐਸਬੀਟੀ ਸੈਕਟਰ-43 ਦੇ ਆਈਐਸਬੀਟੀ ਅਤੇ ਰੌਕ ਗਾਰਡਨ ਤੇ ਸੁਖਨਾ ਲੇਕ ‘ਤੇ ਵੀ ਕੋਵਿਡ-19 ਤੋਂ ਬਚਾਅ ਸੰਬੰਧੀ ਨਿਯਮਾਂ ਦੀ ਪਾਲਣਾ ਲਈ ਵੀ ਸਖਤੀ ਵਰਤਣ ਲਈ ਕਿਹਾ ਗਿਆ ਹੈ। ਹਾਲਾਂਕਿ ਸ਼ਹਿਰ ਵਿੱਚ ਅਜੇ ਨਾਈਟ ਕਰਫਿਊ ਨਹੀਂ ਲਗਾਇਆ ਗਿਆ ਹੈ। ਪਰ ਜੇਕਰ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਤਾਂ ਅਗਲੇ ਹਫਤੇ ਹੋਣ ਵਾਲੀ ਵਾਰ ਰੂਮ ਬੈਠਕ ਵਿੱਚ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਵਧਦੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹੁਣ ਤੱਕ ਕੋਰੋਨਾ ਦੇ 16,925 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 266 ਮੌਤਾਂ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਵਿੱਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਜੁਰਮਾਨਾ ਵੀ ਦੁੱਗਣਾ ਕਰ ਦਿੱਤਾ ਹੈ। ਦਿੱਲੀ-ਐਨਸੀਆਰ ਦੀ ਗੰਭੀਰ ਸਥਿਤੀ ਅਤੇ ਪੰਜਾਬ ‘ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ‘ਚ ਰਾਤ ਦੇ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਰਾਜ ‘ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। ਜਿਸ ਦੇ ਚੱਲਦਿਆਂ 1 ਦਸੰਬਰ ਤੋਂ ਮਾਸਕ ਨਾ ਪਹਿਨਣ ਜਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ 1000 ਰੁਪਏ ਕਰ ਦਿੱਤਾ ਗਿਆ ਹੈ। ਰਾਤ ਦੇ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।