Big decisions of farmers : ਨਵੀਂ ਦਿੱਲੀ : ਕੇਂਦਰ ਵੱਲੋਂ ਜਿਥੇ ਕਿਸਾਨਾਂ ਨੂੰ ਹੁਣ 3 ਦਸੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਹੁਣ ਇਹ ਬਦਲ ਕੇ 1 ਦਸੰਬਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਕਿਸਾਨਾਂ ਨੇ ਵੱਡੇ ਫੈਸਲੇ ਲਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਸੀਲ ਕਰ ਦੇਣਗੇ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਵਾਸੀਆਂ ਨੂੰ ਦਿੱਕਤ ਆਏਗੀ ਤਾਂ ਕੇਂਦਰ ਦੀ ਸਰਕਾਰ ਝੁਕੇਗੀ। ਕਿਸਾਨਾਂ ਨੇ ਇੱਕ ਵਾਲੰਟੀਅਰ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ, ਜੋ ਕਿਸਾਨਾਂ ਦੀ ਹਰ ਤਰ੍ਹਾਂ ਦੀ ਕਾਰਗੁਜ਼ਾਰੀ ਦਾ ਧਿਆਨ ਰਖੇਗੀ।
ਕਿਸਾਨਾਂ ਨੇ ਬੁਰਾੜੀ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਕਿਸਾਨ ਸਿੰਘੁ ਬਾਰਡਰ, ਬਹਾਦੁਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇ, ਮਥੁਰਾ ਆਗਰਾ ਹਾਈਵੇ, ਬਰੇਲੀ ਦਿੱਲੀ ਹਾਈਵੇ ਨੂੰ ਬੰਦ ਕਰਨਗੇ। ਕਿਸਾਨਾਂ ਦੀ ਵਾਲੰਟੀਅਰ ਕਮੇਟੀ ਵਿੱਚ 30 ਕਿਸਾਨ ਜਥੇਬੰਦੀਆਂ ਵਿੱਚੋਂ ਹਰ ਜਥੇਬੰਦੀ ਵੱਲੋਂ 20 ਮੈਂਬਰ ਸ਼ਾਮਲ ਹੋਣਗੇ, ਜਿਸ ਮੁਤਾਬਕ ਇਸ ਕਮੇਟੀ ਵਿੱਚ 600 ਮੈਂਬਰ ਹੋਣਗੇ। ਕਿਸਾਨ ਜਥਏਬੰਦੀਆਂ ਹਰ ਰੋਜ਼ 4:30 ਵਜੇ ਪ੍ਰੈਸ ਕਾਨਫਰੰਸ ਕਰਨਗੀਆਂ, ਜਿਸ ਵਿੱਚ ਇੱਕ ਆਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣੇ ਆਧਾਰ ‘ਤੇ ਬਿਆਨ ਜਾਰੀ ਕਰਦਾ ਹੈ ਤਾਂ ਇਹ ਜ਼ਿੰਮੇਵਾਰੀ ਉਸ ਦੀ ਹੀ ਹੋਵੇਗੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਗੁਰਪੁਰਬ ਕੁੰਡਲੀ ਬਾਰਡਰ ‘ਤੇ ਹੀ ਮਨਾਉਣਗੇ।
ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਮੀਡੀਆ ਨੂੰ ਵੀ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਸ਼ਰਤ ਹੀ ਕਿ ਇਸ ਵਿੱਚ ਅਸਲੀਅਤ ਦਿਖਾਈ ਜਾਵੇ। ਜੇਕਰ ਮੀਡੀਆ ਕਿਸਾਨ ਅੰਦੋਲਨ ਨੂੰ ਗਲਤ ਨਜ਼ਰੀਏ ਨਾਲ ਪੇਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਕਵਰੇਜ ਨਹੀਂ ਕਰ ਦਿੱਤੀ ਜਾਵੇਗੀ। ਉਹ ਕਿਸਾਨਾਂ ਨਾਲ ਜੁੜੇ ਹਰ ਅਪਡੇਟ ਦੀ ਜਾਣਕਾਰੀ ਪ੍ਰੈੱਸ ਕਾਨਫਰੰਸ ਵਿੱਚ ਦੇਣਗੇ।
ਕੇਂਦਰ ਸਾਹਮਣੇ ਕਿਸਾਨ ਆਪਣੀਆਂ 8 ਮੰਗਾਂ ਰੱਖਣਗੇ ਜਿਨ੍ਹਾਂ ਵਿੱਚ ਤਿੰਨ ਕਾਨੂੰਨ ਤੇ ਦੋ ਆਰਡੀਨੈਂਸ ਵਾਪਿਸ ਲਏ ਜਾਣ, ਪਰਾਲੀ ਨੂੰ ਲੈ ਕੇ ਜੋ ਹੁਕਮ ਦਿੱਤੇ ਗਏ ਹਨ ਕੇਂਦਰ ਉਸ ‘ਤੇ ਦੁਬਾਰਾ ਵਿਚਾਰ ਕਰੇ, ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਨੂੰ ਰਿਹਾਅ ਕਰਨ ਅਤੇ ਤੇਲ ਦੀਆਂ ਕੀਮਤਾਂ ‘ਤੇ ਵਿਚਾਰ ਕਰਨ ਦੀ ਮੰਗ ਸ਼ਾਮਲ ਹੈ।