Big announcement of farmers : ਨਵੀਂ ਦਿੱਲੀ : ਕਿਸਾਨਾਂ ਵੱਲੋਂ ਦਿੱਲੀ ਵਿੱਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਬੀਤੇ ਦਿਨ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ, ਜਿਸ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਲਈ ਸਰਕਾਰ ਝੁਕਦੀ ਨਜ਼ਰ ਆ ਰਹੀ ਸੀ। ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ। ਹੁਣ 3 ਦਸੰਬਰ ਨੂੰ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ ਹੀ ਵਿਰੋਧ ਪ੍ਰਦਰਸ਼ਨ ਵਿੱਚ ਡਟੇ ਕਿਸਾਨ ਨੇਤਾਵਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ 5 ਦਸੰਬਰ ਨੂੰ ਮੋਦੀ ਸਰਕਾਰ ਅਤੇ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਨਵੇਂ ਖੇਤੀ ਕਾਨੂੰਨਾਂ ਵਿਰੋਧ ਪ੍ਰਦਰਸ਼ਨ ਨੂੰ ਹੋਰ ਮਜ਼ਬੂਤ ਕਰ ਸਕਣ। ਇਸ ਦਾ ਐਲਾਨ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ। ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਦਿਸੰਬਰ ਨੂੰ ਖਿਡਾਰੀ ਅਤੇ ਕਲਾਕਾਰ ਕੇਂਦਰ ਸਰਕਾਰ ਵੱਲੋਂ ਦਿੱਤੇ ਹੋਏ ਰਿਵਾਰਡ ਵਾਪਸ ਕਰਨਗੇ
ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ੍ਹ 3 ਦਸੰਬਰ ਨੂੰ ਮਹਾਰਾਸ਼ਟਰ ਦੇ ਹਰ ਜ਼ਿਲ੍ਹੇ ਤੇ ਤਹਿਸੀਲ ਵਿੱਚ ਵੱਡੇ ਪੱਧਰ ‘ਤੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਨਿਆਂ ਦੇ ਪੁਤਲੇ ਸਾੜੇ ਜਾਣਗੇ। ਬਾਕੀ ਪੂਰੇ ਦੇਸ਼ ਨੂੰ 5 ਦਸੰਬਰ ਨੂੰ ਪੂਰੇ ਦੇਸ਼ ਨੂੰ ਹਰ ਜ਼ਿਲ੍ਹੇ, ਹਰ ਤਹਿਸੀਲ ਵਿੱਚ ਮੋਦੀ ਸਰਕਾਰ, ਅੰਬਾਨੀ, ਅਡਾਨੀ ਤੇ ਕਾਰਪੋਰੇਟ ਘਰਾਨਿਆਂ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਗਿਆ ਹੈ। ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰੈਲੀ ਕੱਢੀ ਜਾਵੇਗੀ।
ਪ੍ਰੈੱਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਥੇ ਹੋਈ ਗੱਲਬਾਤ ਵਿੱਚ ਕਾਨੂੰਨ ਮਾਹਰਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਇਸ ਤਰ੍ਹਾਂ ਰੱਦ ਨਹੀਂ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਨੂੰ ਰੱਦ ਕਰਨ ਲਈ ਪਾਰਲੀਮੈਂਟ ਸੈਸ਼ਨ ਬੁਲਾਉਣਾ ਪਏਗਾ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਪੈਸ਼ਲ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੱਲ੍ਹ ਹੋਣ ਵਾਲੀ ਮੀਟਿੰਗ ਵਿੱਚ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਿਉਂ ਕੀਤਾ ਜਾਵੇ, ਇਸ ਦਾ ਕਾਰਨ ਦੱਸਾਂਗੇ। ਕੱਲ੍ਹ ਦੀ ਮੀਟਿੰਗ ਵਿੱਚ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਆਗੂ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਸਮਾਂ ਵਧਾਉਂਦੀ ਜਾਵੇਗੀ ਇਹ ਅੰਦੋਲਨ ਹੋਰ ਤੇਜ਼ ਹੁੰਦਾ ਜਾਵੇਗਾ ਅਤੇ ਪੂਰੇ ਦੇਸ਼ ਵਿੱਚ ਫੈਲ ਜਾਏਗਾ। ਅਜੇ ਤਾਂ ਅਸੀਂ ਟੀਕਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਹਾਂ ਫਿਰ ਅਸੀਂ ਬਾਕੀ ਦੇ ਬਾਰਡਰ ਵੀ ਸੀਲ ਕਰ ਦਿਆਂਗੇ।