Akal Takht Jathedar warns farmers : ਤਲਵੰਡੀ ਸਾਬੋ : ਕੇਂਦਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਕੌਮੀ ਰਾਜਧਾਨੀ ਦਿੱਲੀ ਦੀ ਸਰਹੱਦ ’ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਹੱਕ ਵਿੱਚ ਉਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨਾਂ ਦੇ ਦਿੱਲੀ ਮੋਰਚੇ ਵਿੱਚ ਘੁਸਪੈਠ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਮੋਦੀ ਸਰਕਾਰ ਦੇ ਤਿੰਨ ਵੱਡੇ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਨੇ ਪਹਿਲਾਂ ਕਾਲਾ ਧਨ ਵਾਪਿਸ ਸਾਹਮਣੇ ਲਿਆਉਣ ਵਾਸਤੇ ਨੋਟਬੰਦੀ ਕੀਤੀ ਪਰ ਅਜਿਹਾ ਨਹੀਂ ਹੋਇਆ। ਫਿਰ ਜੀਐਸਟੀ ਲਾਗੂ ਕੀਤਾ ਅਤੇ ਹੁਣ ਇਹ ਖੇਤੀ ਕਾਨੂੰਨ ਬਣਾ ਦਿੱਤੇ ਜਿਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮੋਰਚਿਆਂ ਨੂੰ ਤਾਰਪੀਡੋ ਕਰਨ ਲਈ ਸਰਕਾਰ ਮੋਰਚਿਆਂ ਵਿੱਚ ਘੁਸਪੈਠ ਕਰਵਾ ਸਕਦੀ ਹੈ ਇਸ ਲਈ ਉਹ ਸਾਵਧਾਨੀ ਵਰਤਣ।
ਜਥੇਦਾਰ ਨੇ ਇੱਕ ਵੀਡੀਓ ਰਾਹੀਂ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਨੂੰ ਕਿਹਾ ਕਿ ਉਹ ਗੁਰਦੁਆਰਾ ਸਿਆਸਤ ਵਿੱਚ ਨਾ ਉਲਝਣ ਸਗੋਂ ਰਾਜਨੀਤੀ ਵਿੱਚ ਸ਼ਾਮਲ ਹੋਣ, ਜਿਸ ਨਾਲ ਕੌਮ ਅਤੇ ਦੋਸ਼ ਲਈ ਆਵਾਜ਼ ਬੁਲੰਦ ਹੋ ਸਕਦੀ ਹੈ। ਸਿੱਖਾਂ ਨੂੰ ਲੰਮੇ ਸਮੇਂ ਤੋਂ ਗੁਰਦੁਆਰਾ ਸਿਆਸਤ ਵਿੱਚ ਉਲਝਾ ਕੇ ਰੱਖਣ ਦਾ ਯਤੀਨ ਕੀਤਾ ਜਾ ਰਿਹਾ ਹੈ। ਪਰ ਰਾਜਨੀਤੀ ਵਿੱਚ ਸ਼ਾਮਲ ਹੋਕੇ ਉਹ ਕਿਰਤੀ ਅਤੇ ਕਿਸਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੱਲ੍ਹ ਕਿਸਾਨਾਂ ਦੀ ਕੇਂਦਰ ਨਾਲ ਹੋਈ ਮੀਟਿੰਗ ਫਿਰ ਬੇਸਿੱਟਾ ਰਹੀ। ਹੁਣ ਇਸ ਤੋਂ ਬਾਅਦ 5 ਦਸੰਬਰ ਨੂੰ ਅਗਲੀ ਤੇ ਆਖਰੀ ਗੱਲਬਾਤ ਹੋਵੇਗੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਜੇਕਰ ਕੇਂਦਰ ਸਰਕਾਰ ਇੰਝ ਹੀ ਕੋਈ ਨਤੀਜਾ ਨਹੀਂ ਕੱਢੇਗੀ ਤਾਂ ਉਹ ਅਗਲੀਆਂ ਮੀਟਿੰਗਾਂ ਦਾ ਬਾਈਕਾਟ ਕਰ ਦੇਣਗੇ। ਉਥੇ ਹੀ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਐਮਐਸਪੀ ਨਾਲ ਕੋਈ ਛੇੜਛਾਰ ਨਹੀਂ ਹੋੇਵਗੀ, ਇਹ ਇੰਝ ਹੀ ਜਾਰੀ ਰਹੇਗੀ।