Balvir Singh Rajewals big statement: ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 17ਵਾਂ ਦਿਨ ਹੈ। ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਚੁੱਕੇ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ । ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ । ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਣੇ ਕਈ ਥਾਵਾਂ ‘ਤੇ ਕਿਸਾਨਾਂ ਨੂੰ ਟੋਲ ਫ੍ਰੀ ਕਰਨ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਜੱਥੇ ਦਿੱਲੀ ਕੂਚ ਕਰਨ ਵਿੱਚ ਲੱਗੇ ਹੋਏ ਹਨ । ਕਰਨਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਕਿਸਾਨਾਂ ਨੇ ਬਸਤਰਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ । ਇਸ ਦੇ ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਹਾਈਵੇ ਅਤੇ ਟੋਲ ਪਲਾਜ਼ਿਆਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਇਸ ਸਮੇ ਪੂਰੇ ਸਿਖਰ ‘ਤੇ ਹੈ। ਇਸ ਲਈ ਸਰਕਾਰ ਅਤੇ ਗੋਦੀ ਮੀਡੀਆ ਸਾਡੇ ਅੰਦੋਲਨ ਨੂੰ ਖਰਾਬ ਅਤੇ ਬਦਨਾਮ ਕਰਨ ਦੀ ਵੀ ਕੋਸ਼ਿਸ ਕਰ ਰਹੇ ਹਨ। ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਇਸ ਵੇਲੇ ਸਾਨੂੰ ਚੌਕਸ ਰਹਿਣ ਦੀ ਜਰੂਰਤ ਹੈ, ਤਾਂ ਕੇ ਸਰਕਾਰ ਅਤੇ ਗੋਦੀ ਮੀਡੀਆ ਨੂੰ ਸਾਡੇ ਖਿਲਾਫ ਕੂੜ ਪ੍ਰਚਾਰ ਕਰ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਮੌਕਾ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡੀ ਇੱਕ ਗਲਤੀ ਵੀ ਸਾਡੇ ਖਿਲਾਫ ਸਰਕਾਰ ਅਤੇ ਗੋਦੀ ਮੀਡੀਆ ਨੂੰ ਕੂੜ ਪ੍ਰਚਾਰ ਕਰਨ ਦਾ ਮੌਕਾ ਦੇਵੇਗੀ,ਇਸ ਲਈ ਸਾਨੂੰ ਹਰ ਕਦਮ ਸੋਚ-ਸਮਝ ਕੇ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਇੱਕ ਨੈਸ਼ਨਲ ਨਿੱਜੀ ਚੈਨਲ ਦਾ ਵੀ ਜਿਕਰ ਕੀਤਾ ਜੋ ਅੰਦੋਲਨ ਸਬੰਧੀ ਖਾਲਿਸਤਾਨ ਦਾ ਜਿਕਰ ਕਰ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਲਨ ਹੈ, ਇਸ ਲਈ ਜੋ ਨੈਸ਼ਨਲ ਚੈਨਲ ਖਾਲਸਤਾਨੀ ਕਹਿ ਕੇ ਬਦਨਾਮ ਕਰ ਰਹੇ ਹਨ ਉਹ ਅਜਿਹੀ ਹਰਕਤ ਨਾ ਕਰਨ।
ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇ ਨੈਸ਼ਨਲ ਮੀਡੀਆ ਸਾਡੇ ਖਿਲਾਫ ਝੂਠ ਦਾ ਪ੍ਰਚਾਰ ਕਰਨ ਤੋਂ ਬਾਜ਼ ਨਹੀਂ ਆਇਆ ਤਾ ਉਨ੍ਹਾਂ ਚੈਨਲਾਂ ਦੇ ਨਾਲ ਫਿਰ ਕਾਨੂੰਨੀ ਤਰੀਕੇ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੂੜ ਪ੍ਰਚਾਰ ਕਰਨ ਵਾਲੇ ਚੈਨਲਾਂ ਖਿਲਾਫ 10,000 ਤੋਂ ਵੱਧ ਪਰਚੇ ਦਰਜ ਕਰਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਪੁਲਿਸ ਤੇ ਵੀ ਤਿੱਖਾ ਹਮਲਾ ਬੋਲਿਆ, ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਅਜੇ ਵੀ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਕਰਨਾਲ ਵਿੱਚ ਰੋਕ ਕੇ ਧੱਕਾ ਕਰ ਰਹੀ ਹੈ, ਜੋ ਕਿ ਉਨ੍ਹਾਂ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਨਾ ਰੋਕਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦੇਸ਼ਾ ਤੋਂ ਕਿਸਾਨਾਂ ਨੂੰ ਮਿਲ ਰਹੇ ਸਹਿਯੋਗ ਦਾ ਵੀ ਜਿਕਰ ਕੀਤਾ, ਉਨ੍ਹਾਂ ਕਿਹਾ ਕਿ ਅੱਜ ਇਹ ਅੰਦੋਲਨ ਇੱਕ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸ ਰਹਿ ਕੇ ਅੱਗੇ ਵੱਧਣ ਦੀ ਵੀ ਅਪੀਲ ਕੀਤੀ ਹੈ।