Punjab farmer died in haryana: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਠੰਡ ਵੀ ਭਾਰੀ ਪੈ ਰਹੀ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ। ਇਸੇ ਤਰਾਂ ਦੀ ਇੱਕ ਮੰਦਭਾਗੀ ਖਬਰ ਟਿਕਰੀ ਬਾਰਡਰ ਤੋਂ ਆਈ ਹੈ, ਜਿੱਥੇ ਵੀਰਵਾਰ ਨੂੰ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨ ਜੈ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਵੀਰਵਾਰ ਸਵੇਰੇ 8.30 ਵਜੇ ਉਸ ਦੀ ਮੌਤ ਹੋ ਗਈ।
37 ਸਾਲਾ ਜੈ ਸਿੰਘ ਬਠਿੰਡਾ ਦੇ ਇੱਕ ਪਿੰਡ ਤੁੰਗਾ ਵਾਲਾ ਨਾਲ ਸਬੰਧਿਤ ਸੀ। ਉਸ ਦੀ ਲਾਸ਼ ਨੂੰ ਜਨਰਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਸਮੇਤ ਕਈ ਮੰਗਾਂ ਕਾਰਨ ਕਿਸਾਨ ਪਿੱਛਲੇ 22 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ। ਸਰਕਾਰ ਅਤੇ ਕਿਸਾਨਾਂ ਦਰਮਿਆਨ ਖੇਤੀਬਾੜੀ ਕਨੂੰਨ ਪ੍ਰਤੀ ਡੈੱਡਲਾਕ ਨੂੰ ਘਟਾਉਣ ਲਈ 6 ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਮਿਲਿਆ।
ਇਹ ਵੀ ਦੇਖੋ : ਕਿਵੇਂ ਬਾਬਾ ਰਾਮ ਸਿੰਘ ਨੇ ਆਪਣੀ ਜਾਨ ਕੀਤੀ ਕੁਰਬਾਨ, ਨਜਦੀਕੀਆਂ ਨੇ ਦੱਸੀ ਪੂਰੀ ਕਹਾਣੀ