The Punjab girl won a gold medal : ਚੰਡੀਗੜ੍ਹ : ਪੰਜਾਬ ਦੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਨੇ ਜਰਮਨੀ ਵਿੱਚ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਮਗ਼ਾ ਜਿੱਤ ਕੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਉਸ ਦੀ ਇਸ ਸ਼ਾਨਦਾਰ ਜਿੱਤ ‘ਤੇ ਸਿਮਰਨਜੀਤ ਨੂੰ ਪੰਜਾਬ ਦੀ ਮਾਣ ਵਾਲੀ ਧੀ ਵਜੋਂ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦਾ ਵਿਸ਼ਵ ਦੇ ਇਕ ਸਭ ਤੋਂ ਵੱਡੇ ਨਾਮਵਰ ਖੇਡ ਮੁਕਾਬਲਿਆਂ ਵਿਚ ਪ੍ਰਾਪਤੀ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਮੁੱਕੇਬਾਜ਼ੀ ਦਾ ਪਾਵਰ ਹਾਊਸ ਬਣਨ ਦੇ ਰਾਹ ‘ਤੇ ਹੈ, ਜਿਸ ਲਈ ਸਿਮਰਨਜੀਤ ਦੇ ਮਾਪਿਆਂ ਦੇ ਨਾਲ-ਨਾਲ ਉਸ ਦੇ ਕੋਚ ਵੀ ਕੁਡੋਜ਼ ਦੇ ਹੱਕਦਾਰ ਹਨ।
ਜ਼ਿਕਰਯੋਗ ਹੈ ਕਿ ਸਿਮਰਨਜੀਤ ਨੇ 60 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਮੇਜ਼ਬਾਨ ਦੇਸ਼ ਜਰਮਨੀ ਦੀ ਮਾਇਆ ਕਲਿੰਹੰਸ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾਂ, ਖਿਤਾਬ ਦੇ ਰਾਹ ‘ਤੇ ਜਾਂਦੇ ਹੋਏ, ਸਿਮਰਨਜੀਤ ਨੇ ਸੈਮੀ ਫਾਈਨਲ ਵਿੱਚ ਯੂਕਰੇਨ ਦੀ ਮਾਰੀਆਨਾ ਬੇਸਨੇਟਸ ਨੂੰ 4-1 ਨਾਲ ਹਰਾਇਆ।
ਇਹ ਗੌਰਤਲਬ ਹੈ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਸੂਬੇ ਦੀ ਇਸ ਪਲੇਠੀ ਮਹਿਲਾ ਮੁੱਕੇਬਾਜ਼ ਦੀਆਂ ਉਲੰਪਿਕ ਦੀਆਂ ਤਿਆਰੀਆਂ ਦਾ ਸਾਰਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਸਿਮਰਨਜੀਤ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਸੀ ਅਤੇ ਉਸ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ‘ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਾਅਦ ਵਿੱਚ ਉਸ ਨੂੰ ਮੁੱਖ ਮੰਤਰੀ ਦੀ ਤਰਫੋਂ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਦੱਸ ਦੇਈਏ ਮੁੱਕੇਬਾਜ਼ੀ ਵਰਲਡ ਕੱਪ ਵਿਚ, ਭਾਰਤੀ ਟੀਮ (ਪੁਰਸ਼ ਅਤੇ ਔਰਤ) ਨੇ ਕੁਲ 9 ਤਮਗੇ ਜਿੱਤੇ, ਜਿਨ੍ਹਾਂ ਵਿਚ 3 ਸੋਨੇ, 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਲ ਹਨ।