Trump signs into law a legislation: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਮਵਾਰ ਨੂੰ ਇੱਕ ਕਾਨੂੰਨ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਦੇ ਤਹਿਤ ਟੈਕਸਾਸ ਵਿੱਚ ਇੱਕ ਡਾਕਘਰ ਦਾ ਨਾਮ ਮਰਹੂਮ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਹੋਵੇਗਾ । ਜ਼ਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਹਿਊਸਟਨ ਵਿੱਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਵ੍ਹਾਈਟ ਹਾਊਸ ਵੱਲੋਂ ਇੱਕ ਬਿਆਨ ਵੀ ਜਾਰੀਂ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿੱਚ ਸਥਿਤ ਡਾਕਘਰ ਦਾ ਨਾਮ ਮਰਹੂਮ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖਣ ਵਾਲੇ ਕਾਨੂੰਨ ‘ਤੇ ਦਸਤਖ਼ਤ ਕਰ ਦਿੱਤੇ ਹਨ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2006 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਮ ‘ਤੇ ਡਾਕਘਰ ਦਾ ਨਾਮ ਰੱਖਿਆ ਗਿਆ ਸੀ । ਦਰਅਸਲ, ਅਮਰੀਕਾ ਵਿੱਚ ਹੁਣ ਤੱਕ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਮ ‘ਤੇ ਦੋ ਡਾਕਘਰਾਂ ਦੇ ਨਾਮ ਰੱਖੇ ਗਏ ਹਨ । ਇਸ ਬਾਰੇ ਟੈਕਸਾਸ ਦੇ ਸੰਸਦ ਮੈਂਬਰ ਟੇਡ ਕਰੂਜ਼ ਨੇ ਦੱਸਿਆ ਸੀ ਕਿ ਉਹ ਇਕ ਨਾਇਕ ਅਤੇ ਇਕ ਰਾਹ ਦਸੇਰਾ ਸੀ, ਜਿਸਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਦੀ ਸੇਵਾ ਕਰਨ ਵਿਚ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।
ਦੱਸ ਦੇਈਏ ਕਿ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੀ ਜਿਸਨੂੰ ਡਿਊਟੀ ਦੌਰਾਨ ਦਸਤਾਰ ਬੰਨ੍ਹਣ ਅਤੇ ਦਾਹੜੀ ਰੱਖਣ ਦੀ ਇਜਾਜ਼ਤ ਮਿਲੀ ਸੀ। ਸੰਦੀਪ ਹੈਰਿਸ ਕਾਊਂਟੀ, ਟੈਕਸਾਸ ਵਿਚ ਸਥਾਨਕ ਪੁਲਿਸ ਏਜੰਸੀ ਸ਼ੈਰਿਫ ਵਿਖੇ ਡਿਪਟੀ ਪੁਲਿਸ ਅਧਿਕਾਰੀ ਸੀ। ਉਹ ਆਪਣੀ ਰੋਜ਼ਾਨਾ ਡਿਊਟੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸੀ। ਇਸ ਦੌਰਾਨ ਉਸ ਨੂੰ ਇਕ ਵਿਅਕਤੀ ਰਾਬਰਟ ਸੋਲਿਸ ਨੇ ਪਿੱਛੇ ਤੋਂ ਗੋਲੀ ਮਾਰ ਦਿੱਤੀ।