India stand-in captain Ajinkya Rahane: ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿੱਚ ਅਜਿੰਕਿਆ ਰਹਾਣੇ ਦੀ ਕਪਤਾਨੀ ਰਾਸ ਆ ਰਹੀ ਹੈ। ਪਹਿਲਾਂ ਤਾਂ ਅਜਿੰਕਿਆ ਰਹਾਣੇ ਦੀ ਕਪਤਾਨੀ ਨਾਲ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿੱਚ 195 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਦੌਰਾਨ ਵੀ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਸਟ੍ਰੇਲੀਆ ਖ਼ਿਲਾਫ਼ ਮੈਲਬੌਰਨ ਟੈਸਟ ਦੇ ਦੂਜੇ ਦਿਨ ਅਜਿੰਕਿਆ ਰਹਾਣੇ ਨੇ ਇੱਕ ਧਮਾਕੇਦਾਰ ਸੈਂਕੜਾ ਜੜਿਆ ਅਤੇ ਭਾਰਤੀ ਟੀਮ ਨੂੰ ਬੜ੍ਹਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਅਜਿੰਕਿਆ ਰਹਾਣੇ ਦੀ ਕਪਤਾਨੀ ਅਤੇ ਬੱਲੇਬਾਜ਼ੀ ਦੀ ਵਰਲਡ ਕ੍ਰਿਕਟ ਵਿੱਚ ਕਾਫੀ ਚਰਚਾ ਹੋ ਰਹੀ ਹੈ। ਪਹਿਲੇ ਟੈਸਟ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਵਾਪਸੀ ਕੀਤੀ ਹੈ ਅਤੇ ਉਸਦੇ ਹੀ ਗੜ੍ਹ ਮੈਲਬੌਰਨ ਵਿੱਚ ਆਸਟ੍ਰੇਲੀਆ ‘ਤੇ ਦਬਾਅ ਬਣਾ ਦਿੱਤਾ ਹੈ।
ਅਜਿੰਕਿਆ ਰਹਾਣੇ ਦੀ ਕਪਤਾਨੀ ਅਤੇ ਬੱਲੇਬਾਜ਼ੀ ਦੀ ਤਾਰੀਫ਼ ਭਾਰਤੀ ਕ੍ਰਿਕਟ ਮਾਹਰਾਂ ਤੋਂ ਇਲਾਵਾ ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਵੀ ਕਰ ਰਹੇ ਹਨ । ਅਜਿੰਕਿਆ ਰਹਾਣੇ ਨੇ ਮੈਲਬੌਰਨ ਟੈਸਟ ਦੇ ਦੂਜੇ ਦਿਨ ਆਪਣੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ ਹੈ । ਆਸਟ੍ਰੇਲੀਆ ਦੇ ਮੁਸ਼ਕਿਲ ਬਾਲਿੰਗ ਅਟੈਕ ਜਿਸ ਵਿੱਚ ਸਟਾਰਕ, ਕਮਿੰਸ ਅਤੇ ਹੇਜ਼ਲਵੁੱਡ ਵਰਗੇ ਘਾਤਕ ਗੇਂਦਬਾਜ਼ ਸ਼ਾਮਿਲ ਹਨ, ਉਨ੍ਹਾਂ ਦੇ ਸਾਹਮਣੇ ਸੈਂਕੜਾ ਜੜਨ ਤੋਂ ਬਾਅਦ ਅਜਿੰਕਿਆ ਰਹਾਣੇ ਸੋਸ਼ਲ ਮੀਡੀਆ ‘ਤੇ ਹੀਰੋ ਬਣ ਗਏ ਹਨ ।
ਰਹਾਣੇ ਨੇ ਐਡੀਲੇਡ ਟੈਸਟ ਵਿੱਚ ਹਿੰਮਤ ਗੁਆ ਚੁੱਕੀ ਭਾਰਤੀ ਟੀਮ ਨੂੰ ਇੱਕ ਵਾਰ ਫਿਰ ਖੜ੍ਹਾ ਕਰ ਦਿੱਤਾ । ਅਜਿੰਕਿਆ ਰਹਾਣੇ ਆਸਟ੍ਰੇਲੀਆ ਖਿਲਾਫ ਉਨ੍ਹਾਂ ਦੇ ਹੀ ਘਰ ਵਿੱਚ ਸੈਂਕੜਾ ਜੜਨ ਵਾਲੇ ਪੰਜਵੇਂ ਭਾਰਤੀ ਕਪਤਾਨ ਬਣ ਗਏ ਹਨ । ਅਜਿੰਕਿਆ ਰਹਾਣੇ ਤੋਂ ਪਹਿਲਾਂ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਸੈਂਕੜੇ ਲਗਾਏ ਹਨ।
ਦੱਸ ਦੇਈਏ ਕਿ ਖਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਅਜਿਹਾ ਤਿੰਨ ਵਾਰ ਕਰ ਚੁੱਕੇ ਹਨ । ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਬਤੌਰ ਭਾਰਤੀ ਕਪਤਾਨ ਐਡੀਲੇਡ, ਸਿਡਨੀ ਅਤੇ ਪਰਥ ਵਿੱਚ ਸੈਂਕੜੇ ਲਗਾਏ ਹਨ । ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਹੈ । ਰਵਿੰਦਰ ਜਡੇਜਾ (40 ਦੌੜਾਂ) ਅਤੇ ਅਜਿੰਕਿਆ ਰਹਾਣੇ (104 ਦੌੜਾਂ) ਨਾਲ ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਲਈ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟ ਲਏ, ਜਦਕਿ ਨਾਥਨ ਲਿਓਨ ਨੇ 1 ਵਿਕਟ ਲਿਆ। ਭਾਰਤ ਨੇ ਆਸਟ੍ਰੇਲੀਆ ‘ਤੇ ਹੁਣ ਤੱਕ 82 ਦੌੜਾਂ ਦੀ ਬੜ੍ਹਤ ਬਣਾ ਲਈ ਹੈ।