Indo-Pak border covered in fog in Punjab : ਪੰਜਾਬ ਵਿਚ ਭਾਰਤ-ਪਾਕਿ ਸਰਹੱਦ ਪੂਰੀ ਤਰ੍ਹਾਂ ਨਾਲ ਧੁੰਦ ਨਾਲ ਢਕ ਗਈ ਹੈ। ਅਜਿਹੀ ਸਥਿਤੀ ਵਿਚ ਦੋਵੇਂ ਦੇਸ਼ਾਂ ਦੇ ਤਸਕਰ ਸਰਗਰਮ ਹੋ ਗਏ ਹਨ। ਬੀਐਸਐਫ (ਬਾਰਡਰ ਸਿਕਿਓਰਿਟੀ ਫੋਰਸ) ਨੇ ਤਸਕਰਾਂ ਦੀ ਅਤੇ ਪਾਕਿਸਤਾਨ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲਈ ਗਸ਼ਤ ਵਧਾ ਦਿੱਤੀ ਹੈ। ਸਰਹੱਦ ਤੋਂ ਸਤਲੁਜ ਨਦੀ ਲੰਘਣ ਕਰਕੇ ਇਥੇ ਧੁੰਦ ਜ਼ਿਆਦਾ ਪੈ ਰਹੀ ਹੈ। ਸਰਹੱਦ ਪਾਰੋਂ ਭੇਜੀ ਗਈ ਹੈਰੋਇਨ ਅਤੇ ਅਸਲੇ ਦੀ ਖੇਪ ਨੂੰ ਬੀਐਸਐਫ ਦੀ ਚੌਕਸੀ ਨਾਲ ਫੜ ਲਿਆ ਹੈ। ਪਾਕਿਸਤਾਨ ਨੇ ਇਕ ਹਫਤੇ ਦੇ ਅੰਦਰ-ਅੰਦਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਡਰੋਨਾਂ ਤੋਂ ਆਧੁਨਿਕ ਹਥਿਆਰ ਅਤੇ ਅਸਲਾ ਭੇਜਿਆ ਹੈ। ਖੁਫੀਆ ਸੂਤਰਾਂ ਦੇ ਮੁਤਾਬਕ ਨਵੇਂ ਸਾਲ ਤੋਂ ਪਾਕਿਸਤਾਨ ਸਰਹੱਦ ਦੇ ਰਸਤੇ ਅਸਲਿਆਂ ਦੀ ਵੱਡੀ ਖੇਪ ਭੇਜ ਸਕਦਾ ਹੈ। ਇਸ ਕਾਰਨ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਗਈ ਹੈ।
ਪਾਕਿਸਤਾਨ ਨੇ ਗੁਰਦਾਸਪੁਰ ਨਾਲ ਲੱਗਦੀ ਸਰਹੱਦ ਤੋਂ ਡਰੋਨਾਂ ਰਾਹੀਂ ਗ੍ਰੇਨੇਡ, ਏਕੇ -56 ਰਾਈਫਲਾਂ ਅਤੇ ਕਾਰਤੂਸ ਭੇਜੇ ਹਨ। ਇਸ ਤੋਂ ਬਾਅਦ ਬੀਐਸਐਫ ਨੇ ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਸੰਘਣੀ ਧੁੰਦ ਵਿੱਚ ਬੀਐਸਐਫ ਨੂੰ ਥੋੜੀ ਪ੍ਰੇਸ਼ਾਨੀ ਹੋ ਰਹੀ ਹੈ, ਪਰ ਕੰਢਿਆਲੀਆਂ ਤਾਰਾਂ ਨਾਲ ਲੱਗ ਕੇ ਜਵਾਨਾਂ ਨੇ ਪਾਕਿਸਤਾਨ ਦੀ ਹਰ ਕਾਰਵਾਈ ‘ਤੇ ਨਜ਼ਰ ਰੱਖੀ ਹੋਈ ਹੈ। ਬੀਐਸਐਫ ਅਗਲੇ ਹੀ ਦਿਨ ਉਸ ਖੇਤਰ ਵਿਚ ਇਕ ਵਿਸ਼ੇਸ਼ ਸਰਚ ਮੁਹਿੰਮ ਚਲਾ ਰਹੀ ਹੈ। ਕਈ ਵਾਰ ਫੇਂਸਿੰਗ (ਵਾੜ) ਪਾਰ ਖੇਤਾਂ ਤੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਅੱਜਕਲ ਪੰਜਾਬ ਨਾਲ ਲੱਗੀ ਲਗਭਗ ਸਾਢੇ ਪੰਜ ਕਿਲੋਮੀਟਰ ਲੰਬੇ ਪੰਜਾਬ ਦੀ ਸਰਹੱਦ ‘ਤੇ ਪਾਕਿ ਸਾਈਡ ਤੋਂ ਉੱਡ ਰਹੇ ਡਰੋਨ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।
ਬੀਐਸਐਫ ਦੇ ਜਵਾਨ ਹੁਸੈਨੀਵਾਲਾ ਬਾਰਡਰ ‘ਤੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਫੇਂਸਿੰਗ ਨਾਲ ਲੱਗ ਕੇ ਗਸ਼ਤ ਕਰ ਰਹੇ ਹਨ। ਸਪੈਸ਼ਲ ਦੂਰਬੀਨ ਦੀ ਮਦਦ ਨਾਲ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਬਾਹਰੀ ਇਲਾਕੇ ਵਿਚ ਗਸ਼ਤ ਕਰ ਰਹੇ ਜਵਾਨਾਂ ਦਾ ਕਹਿਣਾ ਹੈ ਕਿ ਰਾਤ ਨੂੰ ਦੋ ਵਜੇ ਧੁੰਦ ਬਹੁਤ ਜ਼ਿਆਦਾ ਹੈ। ਅਜਿਹੇ ਹਾਲਾਤਾਂ ਵਿੱਚ ਦੇਖਣਾ ਬਹੁਤ ਮੁਸ਼ਕਲ ਹੈ। ਅਜਿਹੇ ਮੌਸਮ ਵਿਚ ਜੇ ਪਾਕਿਸਤਾਨ ਵੱਲ ਫੇਂਸਿੰਗ ਦੇ ਨੇੜੇ ਕੋਈ ਹਰਕਤ ਮਹਿਸੂਸ ਹੋਣ ’ਤੇ ਸਿੱਧੀ ਗੋਲੀ ਚਲਾਈ ਜਾਂਦੀ ਹੈ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਤਿੰਨ ਘੁਸਪੈਠੀਏ ਮਾਰੇ ਗਏ ਸਨ, ਜਿਨ੍ਹਾਂ ਕੋਲੋਂ ਇਕ ਏ ਕੇ -56 ਰਾਈਫਲ, ਇਕ ਪਿਸਤੌਲ, ਤਿੰਨ ਮੈਗਜ਼ੀਨ, ਤਿੰਨ ਕਿਲੋ ਹੈਰੋਇਨ ਅਤੇ ਲਗਭਗ 125 ਕਾਰਤੂਸ ਬਰਾਮਦ ਹੋਏ ਹਨ।