ICC Test Rankings: ICC ਨੇ ਟੈਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ICC ਵੱਲੋਂ ਜਾਰੀ ਕੀਤੀ ਇਸ ਸੂਚੀ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ । ਇਸ ਦੇ ਨਾਲ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਨੰਬਰ ‘ਤੇ ਬਣੇ ਹੋਏ ਹਨ । ICC ਵੱਲੋਂ ਜਾਰੀ ਕੀਤੀ ਗਈ ਟੈਸਟ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਪੈਟ ਕਮਿੰਸ ਚੋਟੀ ‘ਤੇ ਬਣੇ ਹੋਏ ਹਨ। ਇਸ ਲਿਸਟ ਵਿੱਚ ਭਾਰਤ ਦੇ ਰਵੀਚੰਦਰਨ ਅਸ਼ਵਿਨ ਨੂੰ ਦੋ ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ।
ICC ਵੱਲੋਂ ਜਾਰੀ ਕੀਤੀ ਗਈ ਬੱਲਬਾਜ਼ਾਂ ਦੀ ਲਿਸਟ ਵਿੱਚ 890 ਅੰਕਾਂ ਨਾਲ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਸੀ ਅਤੇ ਉਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ 879 ਅੰਕਾਂ ਨਾਲ ਦੂਜੇ ਸਥਾਨ ‘ਤੇ ਬਣੇ ਹੋਏ ਹਨ ।
ਉੱਥੇ ਹੀ 877 ਅੰਕ ਪਾਉਣ ਵਾਲੇ ਸਟੀਵ ਸਮਿਥ ਦੋ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਹ ਪਹਿਲੇ ਸਥਾਨ ‘ਤੇ ਸੀ। ICC ਟੈਸਟ ਰੈਂਕਿੰਗ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਅਜਿੰਕਿਆ ਰਹਾਣੇ 784 ਅੰਕਾਂ ਨਾਲ 6ਵੇਂ ਸਥਾਨ ‘ਤੇ ਅਤੇ ਚੇਤੇਸ਼ਵਰ ਪੁਜਾਰਾ 728 ਅੰਕਾਂ ਨਾਲ 10ਵੇਂ ਸਥਾਨ ‘ਤੇ ਪਹੁੰਚ ਗਏ ਹਨ।
ICC ਦੀ ਟੈਸਟ ਰੈਂਕਿੰਗ ਵਿੱਚ ਗੇਂਦਬਾਜ਼ਾਂ ਦੀ ਲਿਸਟ ਵਿੱਚ ਆਸਟ੍ਰੇਲੀਆ ਦੇ ਪੈਟ ਕਮਿੰਸ ਨੇ 906 ਅੰਕਾਂ ਨਾਲ ਪਹਿਲੇ ਸਥਾਨ ‘ਤੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਮਿੰਸ ਤੋਂ ਬਾਅਦ ਇਸ ਲਿਸਟ ਵਿੱਚ 845 ਅੰਕਾਂ ਨਾਲ ਇੰਗਲੈਂਡ ਦੇ ਸਟੂਅਰਟ ਬ੍ਰਾਡ ਦੂਜੇ ਅਤੇ 833 ਅੰਕਾਂ ਨਾਲ ਨਿਊਜ਼ੀਲੈਂਡ ਦੇ ਨੀਲ ਵੈਗਨਰ ਤੀਜਾ ਸਥਾਨ ‘ਤੇ ਬਣੇ ਹੋਏ ਹਨ।
ਦੱਸ ਦੇਈਏ ਕਿ ICC ਦੀ ਇਸ ਲਿਸਟ ਵਿੱਚ ਭਾਰਤੀ ਗੇਂਦਬਾਜ਼ ਆਰ ਅਸ਼ਵਿਨ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਉਹ 793 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ । ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਵੀ ਇੱਕ ਸਥਾਨ ਦੀ ਲੀਡ ਬਣਾਉਂਦੇ ਹੋਏ 9ਵੇਂ ਸਥਾਨ ‘ਤੇ ਪਹੁੰਚ ਗਏ ਹਨ। ICC ਦੀ ਇਸ ਲਿਸਟ ਵਿੱਚ ਬੁਮਰਾਹ ਨੂੰ 783 ਅੰਕ ਮਿਲੇ ਹਨ ।
ਇਹ ਵੀ ਦੇਖੋ: ਕੇਂਦਰ ਨਾਲ ਹੋਈ ਮੀਟਿੰਗ ਦੇ ਬਾਅਦ ਦਿੱਲੀ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…