KL Rahul ruled out: ਆਸਟ੍ਰੇਲੀਆ ਦੌਰੇ ਵਿੱਚ ਟੀਮ ਇੰਡੀਆ ਦੇ ਖਿਡਾਰੀਆਂ ਦੇ ਸੱਟ ਲੱਗਣ ਦਾ ਸਿਲਸਿਲਾ ਜਾਰੀ ਹੈ। ਹੁਣ ਇਸ ਕੜੀ ਵਿੱਚ ਕੇਐਲ ਰਾਹੁਲ ਦਾ ਨਾਮ ਜੁੜ ਗਿਆ ਹੈ। ਸ਼ਨੀਵਾਰ ਨੂੰ ਟੀਮ ਇੰਡੀਆ ਦੇ ਅਭਿਆਸ ਸੈਸ਼ਨ ਦੌਰਾਨ ਮੈਲਬਰਨ ਨੈੱਟ ‘ਤੇ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਦੇ ਖੱਬੇ ਗੁੱਟ ਨੂੰ ਮੋਚ ਆਈ ਹੈ । ਇਸ ਤੋਂ ਬਾਅਦ ਉਨ੍ਹਾਂ ਨੂੰ ਮੌਜੂਦਾ ਬਾਰਡਰ-ਗਾਵਸਕਰ ਲੜੀ ਤੋਂ ਬਾਹਰ ਹੋਣਾ ਪਿਆ।
ਦਰਅਸਲ, 28 ਸਾਲਾਂ ਇਹ ਵਿਕਟਕੀਪਰ-ਬੱਲੇਬਾਜ਼ ਬਾਰਡਰ-ਗਾਵਸਕਰ ਟਰਾਫੀ ਦੇ ਬਾਕੀ ਦੋ ਟੈਸਟ ਮੈਚਾਂ ਲਈ ਉਪਲਬਧ ਨਹੀਂ ਹੋਵੇਗਾ। ਕੇਐਲ ਰਾਹੁਲ ਦੇ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲਗਭਗ ਤਿੰਨ ਹਫਤੇ ਲੱਗਣਗੇ । ਰਾਹੁਲ ਹੁਣ ਭਾਰਤ ਪਰਤਣਗੇ ਅਤੇ ਬੰਗਲੌਰ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿਖੇ ਮੁੜ ਵਸੇਬੇ ਦੀ ਪ੍ਰਕਿਰਿਆ ਵਿੱਚੋਂ ਲੰਘਣਗੇ।
ਦੱਸ ਦੇਈਏ ਕਿ ਇਸ ਸੀਰੀਜ਼ ਦਾ ਤੀਜਾ ਟੈਸਟ 7 ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ, ਜਦੋਂ ਕਿ ਚੌਥਾ ਅਤੇ ਆਖਰੀ ਮੈਚ 15 ਜਨਵਰੀ ਤੋਂ ਬ੍ਰਿਸਬੇਨ ਵਿੱਚ ਹੋਵੇਗਾ । ਕੇਐਲ ਰਾਹੁਲ ਨੂੰ ਐਡੀਲੇਡ ਅਤੇ ਮੈਲਬਰਨ ਵਿੱਚ ਖੇਡੇ ਗਏ ਟੈਸਟ ਮੈਚਾਂ ਵਿੱਚ ਮੌਕਾ ਨਹੀਂ ਮਿਲਿਆ ਸੀ। ਇਹ ਸੀਰੀਜ਼ ਫਿਲਹਾਲ 1-1 ਨਾਲ ਬਰਾਬਰੀ ‘ਤੇ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਕੇ.ਐੱਲ ਰਾਹੁਲ ਨੂੰ ਹਨੂਮਾ ਵਿਹਾਰੀ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ । ਵਿਹਾਰੀ ਨੇ ਪਿਛਲੀਆਂ ਤਿੰਨ ਪਾਰੀਆਂ ਵਿੱਚ 45 ਦੌੜਾਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਸੀਰੀਜ਼ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਦੋਵੇਂ ਬੈਂਗਲੁਰੂ ਵਿੱਚ ਮੁੜ ਵਸੇਬੇ ਅਧੀਨ ਹਨ। ਕਪਤਾਨ ਵਿਰਾਟ ਕੋਹਲੀ ਵੀ ਇਨ੍ਹੀਂ ਦਿਨੀਂ ਪਤੰਵਤੀ ਛੁੱਟੀ ‘ਤੇ ਹਨ। ਉੱਥੇ ਹੀ ਰੋਹਿਤ ਸ਼ਰਮਾ ਪਹਿਲਾਂ ਦੋਵੇਂ ਟੈਸਟ ਮੈਚ ਨਹੀਂ ਖੇਡ ਸਕੇ ਸੀ, ਹੁਣ ਉਹ ਪਲੇਇੰਗ ਇਲੈਵਨ ਵਿੱਚ ਵਾਪਸੀ ਲਈ ਤਿਆਰ ਹਨ। ਉਨ੍ਹਾਂ ਨੂੰ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਉਪ ਕਪਤਾਨ ਬਣਾਇਆ ਗਿਆ ਹੈ । ਉਹ ਸਿਡਨੀ ਟੈਸਟ ਵਿੱਚ ਸ਼ੁਬਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।
ਇਹ ਵੀ ਦੇਖੋ: KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ