Sourav ganguly medical update : ਬੀਸੀਸੀਆਈ ਦੇ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਸੌਰਵ ਦਾ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਥੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਕਾਰਡਿੱਕ ਅਰੈਸਟ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੀ ਸੀਈਓ ਅਤੇ ਐਮਡੀ ਡਾ: ਰੁਪਾਲੀ ਬਾਸੂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਹੀ ਗਾਂਗੁਲੀ ਦੀ ਸਿਹਤ ਦਾ ਧਿਆਨ ਰੱਖਿਆ ਜਾਵੇਗਾ। ਗਾਂਗੁਲੀ ਦੀ ਸ਼ਨੀਵਾਰ ਨੂੰ ਐਂਜੀਓਪਲਾਸਟੀ ਕੀਤੀ ਗਈ ਸੀ। ਛਾਤੀ ਵਿੱਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਨੁਸਾਰ, ਸੌਰਵ ਗਾਂਗੁਲੀ ਦੇ ਦਿਲ ਦੀਆ ਨਾੜੀਆਂ ਵਿੱਚ ਬਚੀਆਂ ਰੁਕਾਵਟਾਂ ਲਈ ਅਗਲੀ ਐਂਜੀਓਪਲਾਸਟੀ ਦਾ ਫੈਸਲਾ ਬਾਅਦ ‘ਚ ਕੀਤਾ ਜਾਵੇਗਾ, ਕਿਉਂਕਿ ਉਹ ਪਹਿਲਾਂ ਨਾਲੋਂ ਕਿਤੇ ਬਿਹਤਰ ਹਨ। ਗਾਂਗੁਲੀ ਨੂੰ ਘਰ ਆਰਾਮ ਕਰਨ ਲਈ ਕਿਹਾ ਗਿਆ ਹੈ।
ਵੁਡਲੈਂਡਜ਼ ਹਸਪਤਾਲ ਦੀ ਮੈਡੀਕਲ ਬੋਰਡ ਦੀ ਬੈਠਕ ਸੋਮਵਾਰ ਨੂੰ ਹੋਈ, ਜਿਸ ਵਿੱਚ ਸੌਰਵ ਗਾਂਗੁਲੀ ਦੇ ਪਰਿਵਾਰਕ ਮੈਂਬਰਾਂ ਨਾਲ ਇਲਾਜ ਦੀਆਂ ਹੋਰ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਬੋਰਡ ਮੈਂਬਰਾਂ ਨੇ ਸੌਰਵ ਗਾਂਗੁਲੀ ਦੇ ਡਾਕਟਰੀ ਰਿਕਾਰਡਾਂ ਅਤੇ ਉਸ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਅਧਾਰ ‘ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ। ਡਾ: ਰੁਪਾਲੀ ਬਾਸੂ ਨੇ ਕਿਹਾ ਕਿ ਡਾਕਟਰ ਗਾਂਗੁਲੀ ਦੀ ਸਿਹਤ ਸਥਿਤੀ ‘ਤੇ ਨਿਰੰਤਰ ਨਜ਼ਰ ਰੱਖਣਗੇ ਅਤੇ ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਵੀ ਘਰ ਲਈ ਸਿਹਤ ਯੋਜਨਾਵਾਂ ਉਨ੍ਹਾਂ ਲਈ ਤਿਆਰ ਕੀਤੀਆਂ ਜਾਣਗੀਆਂ। ਮਹੱਤਵਪੂਰਨ ਗੱਲ ਇਹ ਹੈ ਕਿ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਗਾਂਗੁਲੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਹ ਸ਼ਿਕਾਇਤ ਆਪਣੇ ਘਰ ਦੇ ਜਿਮ ਵਿੱਚ ਕਸਰਤ ਕਰਨ ਤੋਂ ਬਾਅਦ ਹੋਈ ਸੀ। ਫਿਰ ਉਨ੍ਹਾਂ ਨੇ ਆਪਣੇ ਪਰਿਵਾਰਕ ਡਾਕਟਰ ਨੂੰ ਬੁਲਾਇਆ, ਜਿਸ ਨੇ ਸਾਬਕਾ ਬੱਲੇਬਾਜ਼ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ।