Indonesia Sriwijaya Air crashed: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਸ਼੍ਰੀਵੀਜਯਾ ਏਅਰ ਦਾ ਜਹਾਜ਼ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 62 ਯਾਤਰੀ ਸਵਾਰ ਸਨ । ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਦੀ ਖੋਜ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਜਹਾਜ਼ ਕ੍ਰੈਸ਼ ਹੋਣ ਤੋਂ ਇੱਕ ਦਿਨ ਬਾਅਦ ਇੰਡੋਨੇਸ਼ੀਆ ਬਚਾਅ ਦਲ ਨੇ ਜਾਵਾ ਸਾਗਰ ਵਿੱਚੋਂ ਸਰੀਰ ਤੇ ਕੱਪੜਿਆਂ ਦੇ ਚੀਥੜੇ ਕੱਢੇ ਹਨ।
ਜਾਣਕਾਰੀ ਅਨੁਸਾਰ ਇਹ ਜਹਾਜ਼ ਰਾਜਧਾਨੀ ਜਕਾਰਤਾ ਤੋਂ ਪੋਂਟੀਆਨਾਕ ਜਾ ਰਿਹਾ ਸੀ । ਫਲਾਈਟ ਨੰਬਰ SJ182 ਨੇ ਦੁਪਹਿਰ 1.56 ਵਜੇ ਉਡਾਣ ਭਰੀ ਸੀ ਅਤੇ ਦੁਪਹਿਰ 2.40 ਵਜੇ ਏਅਰ ਟ੍ਰੈਫਿਕ ਕੰਟਰੋਲ (ATC) ਨਾਲੋਂ ਸੰਪਰਕ ਟੁੱਟ ਗਿਆ। ਸੂਤਰਾਂ ਅਨੁਸਾਰ ਬਚਾਅ ਟੀਮ ਨੂੰ ਸਮੁੰਦਰ ਵਿੱਚ ਮਲਬਾ ਮਿਲਿਆ ਹੈ । ਹਾਲਾਂਕਿ ਇਹ ਮਲਬਾ ਇਸ ਜਹਾਜ਼ ਦਾ ਹੈ, ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਲੈ ਕੇ ਜਾ ਰਹੇ ਬੋਇੰਗ 737-500 ਜਹਾਜ਼ ਲਗਭਗ 27 ਸਾਲ ਪੁਰਾਣਾ ਸੀ।
ਇਸ ਸਬੰਧੀ ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਬੂਦੀ ਕਾਰਯਾ ਨੇ ਦੱਸਿਆ ਕਿ ਇਸ ਜਹਾਜ਼ ਵਿੱਚ 62 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 10 ਬੱਚੇ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਿਲ ਸਨ। ਦੇਸ਼ ਦੀ ਖੋਜ ਅਤੇ ਬਚਾਅ ਏਜੰਸੀ ਬਸਾਰਨਸ ਦੇ ਮੁਖੀ ਬਾਗਸ ਪੁਰਹਿਤੋ ਨੇ ਦੱਸਿਆ ਕਿ ਲਗਭਗ 50 ਟੀਮਾਂ ਨੂੰ ਜਹਾਜ਼ ਸਰਚ ਅਭਿਆਨ ਵਿੱਚ ਲਗਾਇਆ ਹੈ । ਇਸ ਦੇ ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਉਡਾਣ ਨੂੰ ਲੈ ਕੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਇਸ ਦੌਰਾਨ ਸਥਾਨਕ ਮੀਡੀਆ ਨੇ ਜਕਾਰਤਾ ਦੇ ਉੱਤਰ ਵਿਚ ਮਛੇਰਿਆਂ ਦਾ ਹਵਾਲਾ ਦਿੰਦੇ ਹੋਏ ਜਹਾਜ਼ ਦਾ ਮਲਬਾ ਲੱਭਣ ਦਾ ਦਾਅਵਾ ਕੀਤਾ ਹੈ।