Racial attack on India players again: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਚੱਲ ਰਹੇ ਤੀਜੇ ਟੈਸਟ ਮੈਚ ਵਿੱਚ ਦਰਸ਼ਕਾਂ ਦੀ ਬਦਤਮੀਜ਼ੀ ਵੱਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਦਰਸ਼ਕਾਂ ਵੱਲੋਂ ਨਸਲੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਉਣ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਐਤਵਾਰ ਨੂੰ ਦੁਬਾਰਾ ਅਜਿਹੀ ਕੋਈ ਘਟਨਾ ਦੇਖਣ ਨੂੰ ਮਿਲੀ । ਸਿਡਨੀ ਵਿੱਚ ਲਗਾਤਾਰ ਦੂਜੇ ਦਿਨ ਮੌਜੂਦ ਦਰਸ਼ਕਾਂ ਨੇ ਸਿਰਾਜ ਨੂੰ ਅਪਸ਼ਬਦ ਕਹੇ ਅਤੇ ਉਸ ਨਾਲ ਬਦਸਲੂਕੀ ਕੀਤੀ । ਮੈਚ ਦੇ ਚੌਥੇ ਦਿਨ ਚਾਹ ਦੇ ਸਮੇਂ ਤੋਂ ਪਹਿਲਾਂ 86ਵੇਂ ਓਵਰ ਦੀ ਸਮਾਪਤੀ ਤੋਂ ਬਾਅਦ ਮੈਦਾਨ ਵਿੱਚ ਸਭ ਕੁਝ ਆਮ ਨਜ਼ਰ ਨਹੀਂ ਆਇਆ। ਗੇਂਦਬਾਜ਼ੀ ਕਰਨ ਤੋਂ ਬਾਅਦ ਦੁਬਾਰਾ ਫੀਲਡਿੰਗ ਕਰਨ ਗਏ ਸਿਰਾਜ ਨੂੰ ਫਿਰ ਨਸਲਵਾਦੀ ਟਿਪਣੀਆਂ ਦਾ ਸਾਹਮਣਾ ਕਰਨਾ ਪਿਆ ।
ਸਿਰਾਜ ਨੇ ਤੁਰੰਤ ਚੌਥੇ ਦਿਨ ਇਸ ਮਾਮਲੇ ਨੂੰ ਤੁਰੰਤ ਫੀਲਡ ਅੰਪਾਇਰਾਂ ਨਾਲ ਸਾਂਝਾ ਕੀਤਾ । ਉਨ੍ਹਾਂ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ । ਇਸ ਦੌਰਾਨ 10 ਮਿੰਟ ਤੱਕ ਖੇਡ ਵੀ ਰੁਕਿਆ ਰਿਹਾ, ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਦਰਸ਼ਕਾਂ ਦੀ ਗੈਲਰੀ ਵਿੱਚ ਗਏ ਅਤੇ ਅਪਸ਼ਬਦ ਕਹਿਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਫਿਰ ਦਰਸ਼ਕਾਂ ਦੇ ਇੱਕ ਗਰੁੱਪ ਨੂੰ ਸਟੈਂਡ ਤੋਂ ਜਾਣ ਨੂੰ ਕਿਹਾ ਗਿਆ। ਅੰਪਾਇਰਾਂ ਨੂੰ ਵੀ ਇਸ ਦੌਰਾਨ ਖਿਡਾਰੀਆਂ ਨਾਲ ਗੱਲਬਾਤ ਕਰਦੇ ਵੇਖੇ ਗਏ ।
ਉੱਥੇ ਹੀ ਦੂਜੇ ਪਾਸੇ ਕ੍ਰਿਕਟ ਆਸਟ੍ਰੇਲੀਆ ਦੇ ਹੈੱਡ ਆਫ਼ ਇੰਟੀਗ੍ਰਿਟੀ ਐਂਡ ਸਿਕਿਓਰਿਟੀ ਸੀਨ ਕੈਰੋਲ ਨੇ ਕਿਹਾ ਕਿ ਆਸਟ੍ਰੇਲੀਆਈ ਬੋਰਡ ਅਜਿਹੀ ਕਿਸੇ ਵੀ ਦੁਰਾਚਾਰ ਦੇ ਵਿਰੁੱਧ ਹੈ । ਜੇ ਕੋਈ ਅਜਿਹਾ ਕਰਦਾ ਹੈ, ਤਾਂ ਉਸ ਲਈ ਆਸਟ੍ਰੇਲੀਆਈ ਕ੍ਰਿਕਟ ਵਿੱਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ, ‘ਸੀਏ ਅਜੇ ਵੀ ਆਈਸੀਸੀ ਜਾਂਚ ਦੀ ਉਡੀਕ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਕ੍ਰਿਕਟ ਆਸਟ੍ਰੇਲੀਆ ਨੇ ਮੇਜ਼ਬਾਨ ਹੋਣ ਦੇ ਨਾਤੇ ਭਾਰਤੀ ਕ੍ਰਿਕਟ ਟੀਮ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਤੀਜੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਨੇ ਸਿਰਾਜ ਅਤੇ ਬੁਮਰਾਹ ਵੱਲੋਂ ਮੈਚ ਰੈਫਰੀ ਨੂੰ ਸ਼ਿਕਾਇਤ ਕੀਤੀ ਸੀ । ਕਪਤਾਨ ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਰਿਪੋਰਟ ਦਿੱਤੀ ਸੀ ਕਿ ਰੈਕਵਿੰਡ ਸਟੈਂਡ ਦੇ ਕੁਝ ਦਰਸ਼ਕਾਂ ਨੇ ਦੋਨੋਂ ਖਿਡਾਰੀਆਂ ਨੂੰ ਅਪਸ਼ਬਦ ਕਹੇ ਜੋ ਨਸਲੀ ਸਨ । ਭਾਰਤੀ ਟੀਮ ਦੀ ਸ਼ਿਕਾਇਤ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ICC ਦੇ ਕੋਲ ਜਾਂਚ ਲਈ ਭੇਜ ਦਿੱਤਾ ਗਿਆ।