Aus vs India 4th Test: ਬ੍ਰਿਸਬੇਨ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 15 ਜਨਵਰੀ ਤੋਂ ਆਸਟ੍ਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਆਖਰੀ ਟੈਸਟ ਤੋਂ ਬਾਹਰ ਹੋ ਗਏ ਹਨ । ਬੀਸੀਸੀਆਈ ਦੇ ਸੂਤਰਾਂ ਅਨੁਸਾਰ ਬੁਮਰਾਹ ਦੇ ਆਖਰੀ ਟੈਸਟ ਵਿੱਚ ਨਾ ਖੇਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦਰਅਸਲ, ਰਿਪੋਰਟ ਅਨੁਸਾਰ ਜਸਪ੍ਰੀਤ ਬੁਮਰਾਹ ਪੇਟ ਵਿੱਚ ਖਿਚਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਤੀਜੇ ਟੈਸਟ ਮੈਚ ਦੌਰਾਨ ਦੂਜੀ ਪਾਰੀ ਵਿੱਚ ਵੀ ਬੁਮਰਾਹ ਨੂੰ ਮੈਦਾਨ ਤੋਂ ਬਾਹਰ ਜਾਂਦੇ ਦੇਖਿਆ ਗਿਆ ਸੀ । ਬੁਮਰਾਹ ਹਾਲਾਂਕਿ ਬਾਅਦ ਵਿੱਚ ਮੈਦਾਨ ਵਿੱਚ ਪਰਤਿਆ ਅਤੇ ਗੇਂਦਬਾਜ਼ੀ ਵੀ ਕੀਤੀ । ਜਸਪ੍ਰੀਤ ਬੁਮਰਾਹ ਦੀ ਜਗ੍ਹਾ ਟੀਮ ਇੰਡੀਆ ਪਲੇਇੰਗ ਇਲੈਵਨ ਵਿੱਚ ਕਿਸ ਖਿਡਾਰੀ ਨੂੰ ਮੌਕਾ ਦੇਵੇਗੀ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । BCCI ਸੂਤਰਾਂ ਅਨੁਸਾਰ ਸ਼ਾਰਦੂਲ ਠਾਕੁਰ ਨੂੰ ਪਲੇਇੰਗ 11 ਵਿੱਚ ਮੌਕਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਟੀ ਨਟਰਾਜਨ ਜਾਂ ਕਾਰਤਿਕ ਤਿਆਗੀ ਦੇ ਡੈਬਿਊ ਦੀ ਵੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਆਖਰੀ ਟੈਸਟ ਮੈਚ ਵਿੱਚੋਂ ਰਵਿੰਦਰ ਜਡੇਜਾ ਅਤੇ ਹਨੂਮਾ ਵਿਹਾਰੀ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ । ਹਨੂਮਾ ਵਿਹਾਰੀ ਹੈਮਸਟ੍ਰਿੰਗ ਦੀ ਸੱਟ ਕਾਰਨ ਬਾਹਰ ਹਨ, ਜਦੋਂ ਕਿ ਰਵਿੰਦਰ ਜਡੇਜਾ ਦੇ ਅੰਗੂਠੇ ਵਿੱਚ ਫਰੈਕਚਰ ਹੋ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦਾ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਵਿੱਚ ਵੀ ਖੇਡ ਸਕਣਾ ਤੈਅ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਦੌਰੇ ‘ਤੇ ਟੀਮ ਇੰਡੀਆ ਆਪਣੇ ਦੋ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਸੱਟ ਤੋਂ ਪ੍ਰੇਸ਼ਾਨ ਸੀ । ਇਸ਼ਾਂਤ ਸ਼ਰਮਾ ਅਤੇ ਭੁਵਨੇਸ਼ਵਰ ਕੁਮਾਰ ਸੱਟ ਲੱਗਣ ਕਾਰਨ ਆਸਟ੍ਰੇਲੀਆਈ ਦੌਰੇ ‘ਤੇ ਨਹੀਂ ਜਾ ਸਕੇ ਸਨ।
ਦੱਸ ਦੇਈਏ ਕਿ ਬੁਮਰਾਹ ਇਸ ਸਮੇਂ ਟੀਮ ਇੰਡੀਆ ਦੇ ਨੰਬਰ ਵਨ ਤੇਜ਼ ਗੇਂਦਬਾਜ਼ ਹਨ। ਬੁਮਰਾਹ ਦੀ ਸੱਟ ਦਾ ਮਤਲਬ ਹੈ ਕਿ ਟੀਮ ਇੰਡੀਆ ਨੂੰ ਆਖਰੀ ਟੈਸਟ ਵਿੱਚ ਅਜਿਹੇ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ਵਿੱਚ ਉਤਰਨਾ ਪਵੇਗਾ ਜਿਨ੍ਹਾਂ ਕੋਲ ਘੱਟੋ-ਘੱਟ ਦੋ ਟੈਸਟ ਮੈਚ ਖੇਡਣ ਦਾ ਤਜਰਬਾ ਹੈ।