Farmer leaders refused to appear : ਕਿਸਾਨ ਅੰਦੋਲਨ ਦੇ ਸਬੰਧੀ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੈ। ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੀ ਕਮੇਟੀ ਵਿੱਚ ਜਿੰਨੇ ਮੈਂਬਰ ਉਹ ਪਹਿਲਾ ਹੀ ਖੇਤੀਬਾੜੀ ਕਾਨੂੰਨਾਂ ਦੇ ਸਮਰਥਕ ਹਨ। ਉਨ੍ਹਾਂ ਨੇ ਜਨਤਕ ਤੌਰ ‘ਤੇ ਕਾਨੂੰਨ ਦੀ ਹਮਾਇਤ ਕਰਨ ਦੀ ਵਕਾਲਤ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਇਸ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਉਹ ਡਟੇ ਰਹਿਣਗੇ। 26 ਜਨਵਰੀ ਨੂੰ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਅਸੀਂ ਕੱਲ੍ਹ ਹੀ ਕਿਹਾ ਸੀ ਕਿ ਅਸੀਂ ਅਜਿਹੀ ਕਿਸੇ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ। ਸਾਡੀ ਲਹਿਰ ਆਮ ਵਾਂਗ ਅੱਗੇ ਵਧੇਗੀ। ਇਸ ਕਮੇਟੀ ਦੇ ਸਾਰੇ ਮੈਂਬਰ ਸਰਕਾਰ ਪੱਖੀ ਅਤੇ ਸਰਕਾਰ ਦੇ ਕਾਨੂੰਨ ਦੇ ਸਮਰਥਕ ਹਨ ਜੋ ਕਾਨੂੰਨਾਂ ਨੂੰ ਜਾਇਜ਼ ਠਹਿਰਾ ਰਹੇ ਹਨ।”
ਕਿਸਾਨ ਆਗੂਆਂ ਨੇ ਅੱਜ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੌਰਾਨ ਉਨ੍ਹਾਂ ਵਲੋਂ ਕੁੱਝ ਵੱਡੇ ਫੈਸਲੇ ਲਏ ਗਏ ਹਨ। ਜੋ ਹੇਠ ਲਿਖੇ ਅਨੁਸਾਰ ਹਨ- ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ। ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਇਹ ਕਮੇਟੀ ਲਿਆਂਦੀ ਹੈ। ਸਾਡਾ ਅੰਦੋਲਨ ਸਰਕਾਰ ਦੇ ਨਾਲ ਬਾਦਸਤੂਰ ਜਾਰੀ ਰਹੇਗਾ। ਅਸੀਂ ਕਮੇਟੀ ਨੂੰ ਨਹੀਂ ਮੰਨਦੇ, ਸਾਰੇ ਮੈਂਬਰ ਸਰਕਾਰ ਪੱਖੀ ਹਨ -ਰਾਜੇਵਾਲ। ਸੁਪਰੀਮ ਕੋਰਟ ਦੀ ਕਮੇਟੀ ਮਨਜ਼ੂਰ ਨਹੀਂ ਹੈ। ਸੰਘਰਸ਼ ਅਣਮਿੱਥੇ ਸਮੇਂ ਲਈ ਹੈ ਅਤੇ ਇਹ ਸ਼ਾਂਤਮਈ ਅੱਗੇ ਵੀ ਜਾਰੀ ਰਹੇਗਾ। 26 ਬਾਬਤ ਜਦੋਂ ਨੋਟਿਸ ਆਵੇਗਾ ਉਦੋਂ ਕੁੱਝ ਕਹਾਂਗੇ। ਅੰਦੋਲਨ 26 ਨੂੰ ਖਤਮ ਨਹੀਂ ਹੋਣ ਵਾਲਾ, ਕਾਨੂੰਨ ਰੱਦ ਹੋਣ ਤੱਕ ਇਹ ਜਾਰੀ ਰਹੇਗਾ। 13 ਨੂੰ ਲੋਹੜੀ ਮੌਕੇ ਤਿੰਨੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।18 ਨੂੰ ਮਹਿਲਾ ਦਿਵਸ ਮੌਕੇ ਟ੍ਰੈਕਟਰ ਮਾਰਚ ਜਾਰੀ ਰਹੇਗਾ। 20 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਵੇਗਾ। 23 ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਵੀ ਵੱਡੇ ਸਮਾਗਮ ਹੋਣਗੇ। 26 ਦਾ ਪ੍ਰੋਗਰਾਮ ਵੀ ਜਿਉਂ ਦਾ ਤਿਉਂ ਰਹੇਗਾ ਪਰ ਰੂਪ ਰੇਖਾ 15 ਤੋਂ ਬਾਅਦ ਬਣਾਵਾਂਗੇ -ਰਾਜੇਵਾਲ। ਟ੍ਰੈਕਟਰ ਮਾਰਚ ਸ਼ਾਂਤਮਈ ਰਹੇਗਾ -ਰਾਜੇਵਾਲ।
ਇਹ ਵੀ ਦੇਖੋ : Kisan PC Live: ਕੋਰਟ ਦੀ ਸੁਣਵਾਈ ਤੋਂ ਬਾਅਦ ਕਿਸਾਨਾਂ ਨੇ ਵੀ ਲਿਆ ਫੈਸਲਾ