Punjab Congress to : ਚੰਡੀਗੜ੍ਹ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਕਾਨੂੰਨ ਖਿਲਾਫ ਕਿਸਾਨੀ ਅੰਦੋਲਨ ਦਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਇਸੇ ਮਿਆਦ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵੀ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਅੱਜ ਰਾਜ ਭਵਨ ਦਾ ਘਿਰਾਓ ਕਰਨ ਜਾ ਰਹੀ ਹੈ। ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਰਾਜ ਭਵਨ ਨੂੰ ਪੂਰੇ ਜੋਸ਼ ਨਾਲ ਘੇਰ ਲਵੇਗੀ। ਜਿਸ ਵਿਚ ਸਾਰੇ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲੈਣਗੇ ਤਾਂ ਜੋ ਕੋਈ ਪ੍ਰੋਟੋਕੋਲ ਨਾ ਤੋੜਿਆ ਜਾ ਸਕੇ।
ਦੱਸ ਦੇਈਏ ਕਿ ਖੇਤੀ ਸੁਧਾਰ ਕਾਨੂੰਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਕਾਂਗਰਸ ਹਾਈ ਕਮਾਂਡ ਨੇ ਸਾਰੇ ਦੇਸ਼ ਵਿਚ ਰਾਜ ਭਵਨ ਨੂੰ ਘੇਰਨ ਦਾ ਐਲਾਨ ਕੀਤਾ ਹੈ, ਕਿਉਂਕਿ ਕਾਂਗਰਸ ਦੀ ਪੰਜਾਬ ਵਿਚ ਸਰਕਾਰ ਹੈ, ਇਸ ਲਈ ਸਾਰਿਆਂ ਦੀ ਨਜ਼ਰ ਪੰਜਾਬ ‘ਤੇ ਹੈ। ਜਾਖੜ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਂਗਰਸ ਭਵਨ ਵਿੱਚ ਬੁਲਾਇਆ ਹੈ। ਘੇਰਾਬੰਦੀ ਦੌਰਾਨ ਵਿਧਾਇਕ ਅਤੇ ਪਾਰਟੀ ਦੇ ਹੋਰ ਨੇਤਾ ਸ਼ਾਮਲ ਹੋਣਗੇ। ਇਸ ਸਮੇਂ ਪੰਜਾਬ ਵਿਚ ਕਾਂਗਰਸ ਦੇ 80 ਵਿਧਾਇਕ ਹਨ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਅੱਜ ਇੱਕ ਵਾਰ ਫਿਰ ਗੱਲਬਾਤ ਹੋਣੀ ਹੈ। ਵਿਗਿਆਨ ਭਵਨ ਵਿੱਚ ਇਹ ਨੌਵੇਂ ਦੌਰ ਦੀ ਗੱਲਬਾਤ ਹੈ, ਅਜਿਹੀ ਸਥਿਤੀ ਵਿੱਚ ਹਰ ਕਿਸੇ ਦੀ ਨਜਰ ਇਸ ਮੀਟਿੰਗ ‘ਤੇ ਹੈ। ਦੂਜੇ ਪਾਸੇ, ਕਿਸਾਨਾਂ ਦੇ ਮੁੱਦੇ ‘ਤੇ, ਕਾਂਗਰਸ ਅੱਜ ਦਿੱਲੀ ਵਿੱਚ ਪ੍ਰਦਰਸ਼ਨ ਕਰੇਗੀ, ਜਿਸ ਦੀ ਅਗਵਾਈ ਖੁਦ ਰਾਹੁਲ ਗਾਂਧੀ ਕਰਨਗੇ। ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਕਾਰ ਦੁਪਹਿਰ 12 ਵਜੇ ਵਿਗਿਆਨ ਭਵਨ ਵਿੱਚ ਗੱਲਬਾਤ ਹੋਵੇਗੀ।