Aap raised questions : ਚੰਡੀਗੜ੍ਹ : ਪੰਜਾਬ ਚੋਣ ਕਮਿਸ਼ਨ ਵੱਲੋਂ ਅੱਜ ਅੱਠ ਮਿਉਂਸਪਲ ਕਾਰਪੋਰੇਸ਼ਨਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਸ਼ੈਡਿਊਲ ਦਾ ਐਲਾਨਿਆ ਗਿਆ, ਜਿਸ ਮੁਤਾਬਕ ਲੋਕਲ ਬਾਡੀਜ਼ ਦੀਆਂ ਚੋਣਾਂ 14 ਫਰਵਰੀ ਨੂੰ ਹੋਣਗੀਆਂ, ਜਦਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਵੋਟਾਂ ਤੇ ਇਸ ਦੇ ਨਤੀਜਿਆਂ ਦਰਮਿਆਨ ਰੱਖੇ ਫਰਕ ‘ਤੇ ਸਵਾਲੀਆ ਨਿਸ਼ਾਨ ਚੁੱਕੇ ਹਨ।
ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਵੋਟਿੰਗ ਤੋਂ ਬਾਅਦ ਨਤੀਜੇ ਐਲਾਨਣ ਵਿਚ ਇੰਨਾ ਲੰਬਾ ਸਮਾਂ ਲੱਗੇਗਾ। ਇਨ੍ਹਾਂ ਚੋਣਾਂ ਵਿੱਚ ਹਰ ਵਾਰਡ ਵਿੱਚ 3500 ਦੇ ਕਰੀਬ ਵੋਟਰ ਹੁੰਦੇ ਹਨ ਅਤੇ ਇੰਨੀਆਂ ਵੋਟਾਂ ਦੀ ਗਿਣਤੀ ਲਈ ਦੋ ਘੰਟੇ ਤੋਂ ਵੱਧ ਸਮਾਂ ਨਹੀਂ ਲੱਗਦਾ। ਉਨ੍ਹਾਂ ਇਸ ਲਈ ਕੈਪਟਨ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰਾਜ ਚੋਣ ਕਮਿਸ਼ਨ ਨੇ ਕੈਪਟਨ ਸਰਕਾਰ ਦੇ ਇਸ਼ਾਰਿਆਂ ਉੱਤੇ ਚੱਲਦੇ ਹੋਏ ਵੋਟਿੰਗ ਅਤੇ ਨਤੀਜਿਆਂ ਦੇ ਦਰਮਿਆਨ ਤਿੰਨ ਦਿਨ ਦਾ ਵਕਫਾ ਰੱਖਿਆ ਹੈ। ਉਸ ਦਿਨ ਨਤੀਜੇ ਨਾ ਐਲਾਨ ਕੇ ਸਰਕਾਰ ਲੋਕਾਂ ਨਾਲ ਧੱਕਾ ਕਰਨ ਜਾ ਰਹੀ ਹੈ ਅਤੇ ਗਲਤ ਤਰੀਕੇ ਨਾਲ ਜਿੱਤ ਹਾਸਲ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੀਆਂ। ਸ਼ੈਡਿਊਲ ਦੇ ਐਲਾਨ ਨਾਲ ਮਿਉਂਸਪਲਟੀਆਂ ਦੇ ਮਿਉਂਸਪਲ ਖੇਤਰਾਂ ਵਿੱਚ ਜਿੱਥੇ ਚੋਣਾਂ ਹੋਣੀਆਂ ਹਨ, ਦੇ ਅੰਦਰ ‘ਆਦਰਸ਼ ਚੋਣ ਜ਼ਾਬਤਾ’ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 30 ਜਨਵਰੀ, 2021 ਨੂੰ ਸ਼ੁਰੂ ਹੋਵੇਗੀ ਅਤੇ 3 ਫਰਵਰੀ ਨੂੰ ਆਖਰੀ ਤਰੀਕ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।