India vs Australia Live Score: ਬ੍ਰਿਸਬੇਨ ਦੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤ ਨੂੰ ਜਿੱਤ ਲਈ 328 ਦੌੜਾਂ ਦੀ ਚੁਣੌਤੀ ਮਿਲੀ ਹੈ। ਚੌਥੇ ਦਿਨ ਆਸਟ੍ਰੇਲੀਆ ਨੇ ਆਪਣੀ ਦੂਸਰੀ ਪਾਰੀ ਵਿੱਚ ਸਾਰੀਆਂ ਵਿਕਟਾਂ ਗੁਆ ਕੇ 294 ਦੌੜਾਂ ਬਣਾਈਆਂ । ਭਾਰਤ ਵੱਲੋਂ ਸਿਰਾਜ ਨੇ 71 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ । ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 369 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ ਪਹਿਲੀ ਪਾਰੀ ਵਿੱਚ 336 ਦੌੜਾਂ ’ਤੇ ਆਲ ਆਊਟ ਕਰ ਕੇ ਦੂਸਰੀ ਪਾਰੀ ਵਿੱਚ 33 ਦੌੜਾਂ ਦੀ ਲੀਡ ਲੈ ਕੇ ਉਤਰੀ ਸੀ।
ਦਰਅਸਲ, ਦੂਜੀ ਪਾਰੀ ਵਿੱਚ ਆਸਟ੍ਰੇਲੀਆ ਲਈ ਸਟੀਵ ਸਮਿਥ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ । ਉਨ੍ਹਾਂ ਨੇ ਆਪਣੀ ਪਾਰੀ ਵਿੱਚ 74 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਲਗਾਏ । ਡੇਵਿਡ ਵਾਰਨਰ ਨੇ ਆਪਣੀ 75 ਗੇਂਦਾਂ ਦੀ ਪਾਰੀ ਵਿੱਚ 6 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ । ਆਸਟ੍ਰੇਲੀਆ ਲਈ ਖੇਡਦਿਆਂ ਕੈਮਰੂਨ ਗ੍ਰੀਨ ਨੇ 37, ਟਿਮ ਪੇਨ ਨੇ 27, ਪੈਟ ਕਮਿੰਸ ਨੇ ਨਾਬਾਦ 28 ਦੌੜਾਂ ਬਣਾਈਆਂ । ਸਿਰਾਜ ਪਹਿਲੀ ਵਾਰ ਟੈਸਟ ਕ੍ਰਿਕਟ ਦੀ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ । ਸ਼ਾਰਦੁਲ ਠਾਕੁਰ ਨੇ ਵੀ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੂੰ ਇੱਕ ਵਿਕਟ ਮਿਲੀ।
ਮੀਂਹ ਕਾਰਨ ਬ੍ਰਿਸਬੇਨ ਟੈਸਟ ਦੇ ਚੌਥੇ ਦਿਨ ਟੀ ਬਰੇਕ ਜਲਦੀ ਲਈ ਗਈ। ਮੀਂਹ ਕਾਰਨ ਅੱਧਾ ਘੰਟਾ ਖੇਡ ਰੁਕੀ ਰਹੀ। ਇਸ ਤੋਂ ਪਹਿਲਾਂ, ਦੂਜੇ ਦਿਨ ਵੀ ਬਾਰਿਸ਼ ਕਾਰਨ ਆਖਰੀ ਸੈਸ਼ਨ ਦੀ ਖੇਡ ਨਹੀਂ ਖੇਡੀ ਜਾ ਸਕੀ ਸੀ। ਆਖਰੀ ਦਿਨ ਵੀ ਬ੍ਰਿਸਬੇਨ ਵਿੱਚ ਭਾਰੀ ਵਾਰਿਸ਼ ਹੋਣ ਦੀ ਸੰਭਾਵਨਾ ਹੈ, ਇਸ ਲਈ ਮੈਚ ਦਾ ਨਤੀਜਾ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ ‘ਤੇ ਹੈ। ਆਸਟ੍ਰੇਲੀਆ ਨੇ ਐਡੀਲੇਡ ਟੈਸਟ ਵਿੱਚ ਜਿੱਤ ਦਰਜ ਕੀਤੀ ਸੀ ਜਦੋਂਕਿ ਭਾਰਤ ਮੈਲਬੌਰਨ ਟੈਸਟ ਜਿੱਤਣ ਵਿੱਚ ਕਾਮਯਾਬ ਰਿਹਾ । ਸੀਰੀਜ਼ ਦਾ ਫੈਸਲਾ ਬ੍ਰਿਸਬੇਨ ਟੈਸਟ ਦੇ ਨਤੀਜੇ ਨਾਲ ਕੀਤਾ ਜਾਵੇਗਾ।