All Creation is created : ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਸਿਰਫ ਸਿੱਖ ਗੁਰੂਆਂ ਦੀ, ਸਗੋਂ ਵੱਖ-ਵੱਖ ਭਗਤਾਂ, ਫਕੀਰਾਂ, ਸੰਤਾਂ ਦੀ ਬਾਣੀ ਦਰਜ ਹੈ, ਜੋ ਸਾਨੂੰ ਸਿਰਫ ਇੱਕੋ ਹੀ ਸੰਦੇਸ਼ ਦਿੰਦੀ ਹੈ ਕਿ ਅਸੀਂ ਸਾਰੇ ਇੱਕੋ ਹੀ ਨਿਰੰਕਾਰ ਦੇ ਬੱਚੇ ਹਾਂ। ਗੁਰੂ ਸਾਹਿਬਾਨਾਂ ਨੇ ਇਸੇ ਕਰਕੇ ਇਸ ਗ੍ਰੰਥ ਵਿੱਚ ਹਰ ਧਰਮ ਨੂੰ ਸਥਾਨ ਦਿੱਤਾ ਤਾਂਜੋ ਗੁਰੂ ਕਾ ਸਿੱਖ ਇਕ ਨਿਰੰਕਾਰ ਨੂੰ ਛੱਡ ਕਿਸੇ ਜਾਤੀ-ਧਰਮ ਦੇ ਭੇਦਭਾਵ ਵਿੱਚ ਨਾ ਪਵੇ। ਜਿਵੇਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜਪੁਜੀ ਸਾਹਿਬ ਵਿੱਚ ਫਰਮਾਇਆ ਹੈ- ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ਇਹ ਸਾਰੇ ਧਰਮ ਮਨੁੱਖ ਦੇ ਹੀ ਬਣਾਏ ਹੋਏ ਹਨ ਪਰ ਨਿਰੰਕਾਰ ਨੇ ਕੋਈ ਵੀ ਧਰਮ ਦਾ ਬਣਾ ਕੇ ਜੀਵ ਨੂੰ ਇਸ ਦੁਨੀਆ ਵਿੱਚ ਨਹੀਂ ਭੇਜਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਭਗਤ ਕਬੀਰ ਜੀ ਨੇ ਫਰਮਾਇਆ ਹੈ-
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਸਭ ਤੋਂ ਪਹਿਲਾਂ ਸਭ ਦਾ ਮੂਲ ਉਸ ਅੱਲਾਹ ਦਾ ਨੂਰ (ਪਰਮਾਤਮਾ ਦੀ ਜੋਤ) ਹੈ, ਜਿਸ ਨੇ ਇਹ ਸਾਰਾ ਸੰਸਾਰ ਪੈਦ ਕੀਤਾ ਹੈ। ਇਹ ਸਾਰੇ ਲੋਕ ਕੁਦਰਤ ਦੇ ਬੰਦੇ ਹਨ। ਉਸ ਇੱਕ ਜੋਤ ਤੋਂ ਹੀ ਇਹ ਪੂਰ ਜਗਤ ਰਚਿ ਗਿਆ ਹੈ, ਜਿਨ੍ਹਾਂ ਵਿੱਚ ਸਭ ਜੀਵ ਸ਼ਾਮਲ ਹਨ, ਭਾਵੇਂ ਉਹ ਚੰਗੇ ਹਨ ਤੇ ਭਾਵੇਂ ਮਾੜੇ ਹਨ।
ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਲੋਕੋ! ਹੇ ਭਾਈ! ਰੱਬ ਦੀ ਹਸਤੀ ਬਾਰੇ ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ ਇੱਕੋ ਜਿਹੇ ਹੀ ਪੰਜ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ। ਇਨ੍ਹਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ ਇਨ੍ਹਾਂ ਭਾਂਡਿਆਂ ਨੂੰ ਬਣਾਉਣ ਵਾਲੇ ਘੁਮਿਆਰ (ਭਾਵ ਕਰਤਾਰ) ਵਿਚ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਉਹੀ ਮਨੁੱਖ ਰੱਬ ਦਾ ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ।
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ।
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਕਬੀਰ ਸਾਹਿਬ ਜੀ ਫਰਮਾਉਂਦੇ ਹਨ– ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ। (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ)