Ind vs aus jay shah says : ਬ੍ਰਿਸਬੇਨ ਦੇ ਗਾਬਾ ਵਿੱਚ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਹੈ। ਸੀਰੀਜ਼ ਜਿੱਤਣ ਤੋਂ ਬਾਅਦ, ਬੀਸੀਸੀਆਈ ਨੇ ਆਪਣੇ ਖਿਡਾਰੀਆਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਐਲਾਨ ਕੀਤਾ ਹੈ ਕਿ ਟੀਮ ਨੂੰ ਪੰਜ ਕਰੋੜ ਰੁਪਏ ਦਾ ਬੋਨਸ ਦਿੱਤਾ ਜਾਵੇਗਾ। ਇਸ ਮੈਚ ਵਿੱਚ ਮਿਲੀ ਜਿੱਤ ਦੇ ਨਾਲ, ਭਾਰਤੀ ਟੀਮ ਨੇ ਚਾਰ ਮੈਚਾਂ ਦੀ ਇਹ ਲੜੀ ਵੀ 2-1 ਨਾਲ ਜਿੱਤ ਲਈ ਹੈ। ਗਾਬਾ ਦੇ ਮੈਦਾਨ ‘ਤੇ ਪਹਿਲੀ ਵਾਰ ਕਿਸੇ ਟੀਮ ਨੇ 300 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਹੈ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਭਾਰਤ ਦੀ ਇਸ ਇਤਿਹਾਸਕ ਜਿੱਤ ਦੇ ਨਾਇਕ ਸਨ। ਪੰਤ ਨੇ 138 ਗੇਂਦਾਂ ‘ਤੇ 89 ਦੌੜਾਂ ਬਣਾਈਆਂ। ਇਸ ਦੌਰਾਨ ਪੰਤ ਨੇ ਨੌਂ ਚੌਕੇ ਅਤੇ ਇੱਕ ਛੱਕਾ ਲਗਾਇਆ ਸੀ। ਇਸ ਮੈਚ ਦੇ ਦੌਰਾਨ, ਪੰਤ ਟੈਸਟ ਕ੍ਰਿਕਟ ਵਿੱਚ 1000 ਦੌੜਾਂ ਬਣਾਉਣ ਵਾਲਾ ਤੇਜ਼ ਵਿਕਟਕੀਪਰ ਵੀ ਬਣ ਗਿਆ ਹੈ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ 146 ਗੇਂਦਾਂ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਇਸ ਪਾਰੀ ਵਿੱਚ ਗਿੱਲ ਨੇ ਅੱਠ ਚੌਕੇ ਅਤੇ ਦੋ ਛੱਕੇ ਲਗਾਏ ਸਨ।