US President elect Joe Biden: ਅਮਰੀਕਾ ਵਿੱਚ ਬੁੱਧਵਾਰ ਨੂੰ ਇੱਕ ਨਵੀਂ ਸਰਕਾਰ ਬਣਨ ਜਾ ਰਹੀ ਹੈ । ਜੋ ਬਾਇਡੇਨ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ । ਨਾਲ ਹੀ ਕਮਲਾ ਹੈਰਿਸ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਅਮਰੀਕਾ ਨੂੰ ਅੱਜ 46ਵਾਂ ਰਾਸ਼ਟਰਪਤੀ ਮਿਲ ਜਾਵੇਗਾ। ਜੋ ਬਿਡੇਨ ਅਤੇ ਕਮਲਾ ਹੈਰਿਸ ਭਾਰਤੀ ਸਮੇਂ ਅਨੁਸਾਰ ਰਾਤ 10.30 ਵਜੇ ਸਹੁੰ ਚੁੱਕਣਗੇ । ਬਾਇਡੇਨ ਸਿਰਫ਼ 35 ਸ਼ਬਦਾਂ ਵਿੱਚ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ਲਈ ਵਾਸ਼ਿੰਗਟਨ ਡੀਸੀ ਵਿੱਚ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਪਹਿਲੀ ਵਾਰ 25 ਹਜ਼ਾਰ ਅਮਰੀਕੀ ਸੈਨਿਕਾਂ ਦੀ ਤੈਨਾਤੀ ਵਾਸ਼ਿੰਗਟਨ ਵਿੱਚ ਹੋਣ ਜਾ ਰਹੀ ਹੈ।
ਦਰਅਸਲ, ਇਸ ਵਾਰ ਇਹ ਸਮਾਰੋਹ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਹੀਂ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਭੀੜ ਇਕੱਠੀ ਨਹੀਂ ਹੋਵੇਗੀ। ਇਸ ਵਾਰ ਸਹੁੰ ਚੁੱਕ ਸਮਾਗਮ ਵਿੱਚ ਸਿਰਫ ਇੱਕ ਹਜ਼ਾਰ ਤੋਂ 1200 ਲੋਕ ਹੀ ਹਿੱਸਾ ਲੈ ਸਕਣਗੇ । ਸਾਰੇ ਮਹਿਮਾਨਾਂ ਲਈ ਇੱਕ ਸਖਤ ਸਿਹਤ ਪ੍ਰੋਟੋਕੋਲ ਹੋਵੇਗਾ। ਇਸ ਤੋਂ ਇਲਾਵਾ ਟਰੰਪ ਸਮਰਥਕਾਂ ਦੇ ਹੰਗਾਮੇ ਦੇ ਮੱਦੇਨਜ਼ਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਦੇ ਪੂਰੇ ਢਾਂਚੇ ਨੂੰ ਬਦਲਿਆ ਜਾ ਰਿਹਾ ਹੈ। ਜੋ ਬਾਇਡੇਨ ਅਤੇ ਕਮਲਾ ਹੈਰਿਸ ਦੀ ਸਹੁੰ ਚੁੱਕ ਸਮਾਰੋਹ ‘ਤੇ ਕੈਂਚੀ ਚੱਲ ਗਈ ਹੈ। ਜੋ ਬਾਇਡੇਨ ਦੀ ਟੀਮ ਨੇ ਅਮਰੀਕੀਆਂ ਨੂੰ ਰਾਜਧਾਨੀ ਵਿੱਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ । ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ਬੈਠਣ ਅਤੇ ਸਹੁੰ ਚੁੱਕ ਸਮਾਰੋਹ ਨੂੰ ਟੀਵੀ ‘ਤੇ ਵੇਖਣ।
ਦੱਸ ਦੇਈਏ ਕਿ ਚੀਫ਼ ਜਸਟਿਸ ਜਾਨ ਜੀ ਰਾਬਰਟ ਜੂਨੀਅਰ ਕੈਪੀਟਲ ਹਿੱਲ ਦੇ ਵੈਸਟ ਫਰੰਟ ‘ਤੇ ਬਾਇਡੇਨ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਦਿਵਾਉਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਬਾਇਡੇਨ ‘ਉਦਘਾਟਨ ਭਾਸ਼ਣ’ ਦੇਣਗੇ। ਇਸ ਵਿੱਚ ਉਹ ਅਮਰੀਕੀ ਵੋਟਰਾਂ ਦਾ ਧੰਨਵਾਦ ਕਰਨਗੇ। ਭਾਸ਼ਣ ਤੋਂ ਬਾਅਦ ਫੌਜ ਦੀ ਟੁਕੜੀ ਦੀ ਸਮੀਖਿਆ ਕਰਨਗੇ । ਗਾਇਕਾ ਲੇਡੀ ਗਾਗਾ ਰਾਸ਼ਟਰੀ ਗੀਤ ਗਾਏਗੀ । ਜੇਨੀਫਰ ਲੋਪੇਜ਼ ਦੀ ਵੀ ਇਸ ਪ੍ਰੋਗਰਾਮ ਵਿੱਚ ਮਿਊਜ਼ਿਕਲ ਪਰਫਾਰਮੈਂਸ ਹੋਵੇਗੀ। ਇਸ ਤੋਂ ਬਾਅਦ ਬਾਇਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੈਪੀਟਲ ਹਿੱਲ ਤੋਂ ‘ਪ੍ਰੈਸੀਡੈਂਟ ਐਸਕਾਰਟ’ ਵਿੱਚ ਵ੍ਹਾਈਟ ਹਾਊਸ ਜਾਣਗੇ।
ਗੌਰਤਲਬ ਹੈ ਕਿ ਡੋਨਾਲਡ ਟਰੰਪ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ । ਉਨ੍ਹਾਂ ਦੀ ਜਗ੍ਹਾ ਉਪ-ਰਾਸ਼ਟਰਪਤੀ ਮਾਈਕ ਪੈਂਸ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਜਾਰਜ ਡਬਲਯੂ ਬੁਸ਼ ਅਤੇ ਬਰਾਕ ਓਬਾਮਾ ਵੀ ਆ ਰਹੇ ਹਨ। ਵਾਸ਼ਿੰਗਟਨ ਦੇ ਇੱਕ ਥਿੰਕਟੈਂਕ ਬਰੂਕਿੰਗਜ਼ ਇੰਸਟੀਚਿਊਟ ਦੇ ਫੈਲੋ ਐਲਨ ਕਾਮਾਰਕ ਦਾ ਕਹਿਣਾ ਹੈ ਕਿ ਪੈਂਸ ਦਾ ਆਉਣਾ ਸਭ ਤੋਂ ਮਹੱਤਵਪੂਰਨ ਹੈ। ਪੈਂਸ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਰਿਪਬਲੀਕਨ ਪਾਰਟੀ ਟਰੰਪ ਤੱਕ ਸੀਮਤ ਨਹੀਂ ਹੈ।