India move to No.1 spot: ਟੀਮ ਇੰਡੀਆ ਨੇ ਮੰਗਲਵਾਰ ਨੂੰ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਇਤਿਹਾਸ ਰਚ ਦਿੱਤਾ । ਆਸਟ੍ਰੇਲੀਆਈ ਟੀਮ ਇੱਥੇ 33 ਸਾਲਾਂ ਤੋਂ ਨਹੀਂ ਹਾਰੀ ਸੀ, ਪਰ 19 ਜਨਵਰੀ ਨੂੰ ਟੀਮ ਇੰਡੀਆ ਨੇ ਆਸਟ੍ਰੇਲੀਆ ਦੀ ਬਾਦਸ਼ਾਹਤ ਦਾ ਅੰਤ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਲਗਾਤਾਰ ਤੀਜੀ ਵਾਰ ਆਪਣੇ ਨਾਮ ਕਰ ਕੇ ਜਿੱਤ ਦੀ ਹੈਟ੍ਰਿਕ ਲਗਾਈ।
ਇਸ ਦੇ ਨਾਲ ਹੀ ਇਸ ਜਿੱਤ ਦੀ ਹੈਟ੍ਰਿਕ ਦੇ ਵਿਚਾਲੇ ਟੀਮ ਇੰਡੀਆ ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ । ਚੌਥੇ ਟੈਸਟ ਮੈਚ ਵਿੱਚ ਤਿੰਨ ਵਿਕਟਾਂ ਦੀ ਰੋਮਾਂਚਕ ਜਿੱਤ ਨਾਲ ਸੀਰੀਜ਼ ਨੂੰ 2-1 ਨਾਲ ਆਪਣੇ ਨਾਮ ਕਰਨ ਵਾਲੀ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਿਲ ਕੀਤਾ। ਟੀਮ ਇੰਡੀਆ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਕ੍ਰਿਕਟ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਟੀਮ ਫਾਈਨਲ ਤੋਂ ਸਿਰਫ ਇੱਕ ਕਦਮ ਦੀ ਦੂਰੀ ‘ਤੇ ਹੈ।
ਇਸ ਜਿੱਤ ਦੇ ਨਾਲ ਭਾਰਤੀ ਟੀਮ ਨੂੰ 430 ਅੰਕ ਹੋ ਗਏ ਹਨ, ਜੋ ਨਿਊਜ਼ੀਲੈਂਡ (420) ਅਤੇ ਆਸਟਰੇਲੀਆ (332) ਤੋਂ ਜ਼ਿਆਦਾ ਹਨ। ਇਸ ਸਬੰਧੀ ICC ਨੇ ਟਵੀਟ ਕੀਤਾ, “ਗਾਬਾ ‘ਚ ਸਖਤ ਲੜਾਈ ਤੋਂ ਬਾਅਦ ਭਾਰਤ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਆਸਟ੍ਰੇਲੀਆ ਤੀਜੇ ਸਥਾਨ ‘ਤੇ ਆ ਗਿਆ ਹੈ।”
ਦਰਅਸਲ, ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਬਾਅਦ ਪੰਜ ਸੀਰੀਜ਼ ਵਿੱਚ 13 ਮੈਚ ਖੇਡੇ ਹਨ । ਇਸ ਵਿੱਚ ਟੀਮ ਨੇ ਕੁੱਲ ਅੰਕਾਂ ਵਿੱਚੋਂ 71.1 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਭਾਰਤ-ਆਸਟਰੇਲੀਆ ਟੈਸਟ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਦੂਜੇ, ਆਸਟ੍ਰੇਲੀਆ ਤੀਜੇ ਸਥਾਨ, ਇੰਗਲੈਂਡ ਚੌਥੇ ਅਤੇ ਦੱਖਣੀ ਅਫਰੀਕਾ 5ਵੇਂ ਸਥਾਨ ‘ਤੇ ਹੈ । ਇਸ ਦੇ ਨਾਲ ਹੀ ਆਈਸੀਸੀ ਟੈਸਟ ਰੈਂਕਿੰਗ ਵਿੱਚ ਵੀ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਟਾ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ।
ਦੱਸ ਦੇਈਏ ਕਿ ਬੀਤੇ ਦਿਨ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਸੀ। ਪਹਿਲੇ ਦੋ ਮੈਚਾਂ ਲਈ 18 ਮੈਂਬਰੀ ਟੀਮ ਵਿੱਚ ਕਪਤਾਨ ਵਿਰਾਟ ਕੋਹਲੀ, ਇਸ਼ਾਂਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਦੀ ਵਾਪਸੀ ਹੋਈ ਹੈ, ਜਦਕਿ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਆਖਰੀ ਟੈਸਟ ਮੈਚ ਵਿੱਚ ਡੈਬਿਊ ਕਰਨ ਵਾਲੇ ਟੀ. ਨਟਰਾਜਨ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ । ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਵੀ ਮਾੜੇ ਪ੍ਰਦਰਸ਼ਨ ਕਾਰਨ ਬਾਹਰ ਰੱਖਿਆ ਗਿਆ ਹੈ।